ਗੈਂਗਸਟਰ ਤੋਂ ਨੇਤਾ ਬਣੇ ਲੱਖਾ ਸਿਧਾਣਾ ਤੇ ਕੈਨੇਡਾ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਸਿੰਘ ਉਰਫ ਲੰਡਾ ਸਣੇ 11 ਲੋਕਾਂ ‘ਤੇ ਡਰੱਗਜ਼ ਤੇ ਹਥਿਆਰਾਂ ਦੀ ਤਸਕਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਤਰਨਤਾਰਨ ਦੇ ਗੈਂਗਸਟਰ ਲੰਡਾ ‘ਤੇ ਪੁਲਿਸ ਸਟੇਸ਼ਨ ਵਿਚ 2 ਸਤੰਬਰ ਨੂੰ ਦਰਜ ਕੀਤਾ ਗਿਆ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਿਧਾਣਾ ਦੇ ਕੁਝ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਇਕ ਫਰਜ਼ੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ। ਲੰਡਾ ਅੰਮ੍ਰਿਤਸਰ ਵਿਚ ਇਕ ਸਬ-ਇੰਸਪੈਕਟਰ ਦੀ ਕਾਰ ਹੇਠਾਂ IED ਲਗਾਉਣ ਤੋਂ ਇਲਾਵਾ, ਮੋਹਾਲੀ ਵਿਚ ਪੰਜਾਬ ਪੁਲਿਸ ਦੇ ਖੁਫੀਆ ਦਫਤਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ ਹਮਲੇ ਦਾ ਵੀ ਮੁੱਖ ਸਾਜ਼ਿਸ਼ਕਰਤਾ ਹੈ।
ਪੁਲਿਸ ਦੀ ਐੱਫਆਈਆਰ ਮੁਤਾਬਕ ਦੋਸ਼ੀਆਂ ਨੇ ਇਕ ਗਿਰੋਹ ਬਣਾਇਆ ਹੈ ਜਿਸ ਦਾ ਮਾਸਟਰਮਾਈਂਡ ਲੰਡਾ ਹੈ। ਉਹ ਕੈਨੇਡਾ ਵਿਚ ਬੈਠ ਕੇ ਪਾਕਿਸਾਤਨ ਤੋਂ ਡ੍ਰੋਨ ਜ਼ਰੀਏ ਹਥਿਆਰਾਂ, ਗੋਲਾ ਬਾਰੂਦ ਤੇ ਡਰੱਗਜ਼ ਦੀ ਤਸਕਰੀ ਲਈ ਕੰਮ ਕਰ ਰਿਹਾ ਹੈ। ਗਿਰੋਹ ਦੇ ਹੋਰ ਨਾਮਜ਼ਦ ਮੈਂਬਰ ਨਛੱਤਰ ਸਿੰਘ, ਸਤਨਾਮ ਸਿੰਘ, ਗੁਰਕੀਰਤ ਸਿੰਘ, ਅਨਮੋਲ ਸੋਨੀ, ਚਰਤ ਸਿੰਘ, ਗੁਰਜੰਤ ਸਿੰਘ, ਮਹਾਵੀਰ ਸਿੰਘ, ਸੁਖਦੇਵ ਸਿੰਘ ਤੇ ਦਲਜੀਤ ਸਿੰਘ ਹਨ। ਸਾਰੇ ਦੋਸ਼ੀ ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਹਨ।