India

ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ, 3 ਬੱਚਿਆਂ ਦੀ ਮੌਤ, 2 ਔਰਤਾਂ ਸਮੇਤ 4 ਲੋਕ ਬੁਰੀ ਤਰ੍ਹਾਂ ਝੁਲਸੇ

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਗੋਰਮੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਦਲੇ ਕਾ ਪੁਰਾ ‘ਚ ਸ਼ਨੀਵਾਰ ਸਵੇਰੇ ਇਕ ਘਰ ਵਿੱਚ ਗੈਸ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਕਾਰਨ ਪੂਰੇ ਘਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਔਰਤਾਂ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ।

ਪੁਲਸ ਅਤੇ ਬਚਾਅ ਟੀਮ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਗੋਰਮੀ ਥਾਣੇ ਦੇ ਅਨੁਸਾਰ ਪਿੰਡ ਦਲੇ ਕਾ ਪੁਰਾ ਦੇ ਇੱਕ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ਨੀਵਾਰ ਸਵੇਰੇ ਕਰੀਬ 6.30 ਵਜੇ ਘਰ ‘ਚ ਰੱਖਿਆ ਸਿਲੰਡਰ ਲੀਕ ਹੋ ਰਿਹਾ ਸੀ, ਜਿਸ ਕਾਰਨ ਉਸ ‘ਚ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕਮਰੇ ‘ਚ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਦੀ ਲਪੇਟ ਵਿੱਚ ਆ ਕੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ। ਅੱਗ ਲੱਗਣ ਕਾਰਨ ਤਿੰਨ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਬੁਰੀ ਤਰ੍ਹਾਂ ਨਾਲ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਮੁੱਢਲਾ ਸਿਹਤ ਕੇਂਦਰ ਗੋਰਮੀ ਵਿਖੇ ਲਿਜਾਇਆ ਗਿਆ। ਦੋ ਲੋਕਾਂ ਨੂੰ ਗੰਭੀਰ ਹਾਲਤ ‘ਚ ਗਵਾਲੀਅਰ ਰੈਫਰ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸ਼ੁਰੂਆਤੀ ਜਾਂਚ ਵਿੱਚ ਅਜਿਹਾ ਮੰਨ ਰਹੇ ਹਾਂ ਪਰ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐਫਐਸਐਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਭਿੰਡ ਦੇ ਐਸਪੀ ਮਨੀਸ਼ ਖੱਤਰੀ ਨੇ ਦੱਸਿਆ ਕਿ ਇਹ ਘਟਨਾ ਅਰਵਿੰਦ ਕਡੇਰੇ ਦੇ ਘਰ ਵਾਪਰੀ। ਹਾਦਸੇ ‘ਚ ਅਰਵਿੰਦ ਦੇ ਚਾਰ ਸਾਲ ਦੇ ਬੇਟੇ ਕਾਰਤਿਕ, 10 ਸਾਲ ਦੀ ਬੇਟੀ ਭਾਵਨਾ ਅਤੇ ਅਰਵਿੰਦ ਦੀ ਭੈਣ ਦੀ ਚਾਰ ਸਾਲ ਦੀ ਬੇਟੀ ਪਰੀ ਦੀ ਮੌਤ ਹੋ ਗਈ ਹੈ। ਅਰਵਿੰਦ ਦੇ ਪਿਤਾ ਅਖਿਲੇਸ਼ ਕਡੇਰੇ (50), ਪੁੱਤਰ ਰੁਸਤਮ, ਮਾਂ ਵਿਮਲਾ (45), ਪਤਨੀ ਮੀਰਾ ਕਡੇਰੇ (30) ਅਤੇ ਭੈਣ ਪੂਜਾ ਕਡੇਰੇ ਪਤਨੀ ਨੰਦੂ ਕਡੇਰੇ ਝੁਲਸ ਗਏ। ਪੁਲਿਸ ਮੁਤਾਬਕ ਅਖਿਲੇਸ਼ ਅਤੇ ਉਨ੍ਹਾਂ ਦੀ ਪਤਨੀ ਨੂੰ ਗੰਭੀਰ ਹਾਲਤ ‘ਚ ਗਵਾਲੀਅਰ ਰੈਫਰ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅਖਿਲੇਸ਼ ਕਡੇਰੇ ਦੇ ਛੋਟੇ ਬੇਟੇ ਸਤੇਂਦਰ ਦੀ 22 ਜੂਨ ਬਾਰਾਤ ਲਹਾਰ ਦੇ ਕੀਰਤਪੁਰਾ ਜਾਣੀ ਸੀ। ਪਰਿਵਾਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੂਜਾ ਵੀ ਆਪਣੀ ਚਾਰ ਸਾਲ ਦੀ ਬੇਟੀ ਪਰੀ ਨਾਲ ਆਪਣੇ ਪੇਕੇ ਘਰ ਆਈ ਸੀ। ਘਰ ਦੇ ਅੰਦਰ ਅਖਿਲੇਸ਼ ਦੀ ਨੂੰਹ ਮੀਰਾ ਸਵੇਰੇ ਚਾਹ-ਨਾਸ਼ਤਾ ਬਣਾ ਰਹੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਉੱਡ ਗਈ ਅਤੇ ਛੱਤ ਦਾ ਮਲਬਾ ਉਸ ਕਮਰੇ ‘ਚ ਬੱਚਿਆਂ ‘ਤੇ ਆ ਡਿੱਗਿਆ ਜਿੱਥੇ ਉਹ ਸੌਂ ਰਹੇ ਸਨ। ਮਾਸੂਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published.

Back to top button