
ਪੰਜਾਬ ਵਿੱਚ ਧਰਮ ਪਰਿਵਰਤਨ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਧੇ ਤੌਰ ‘ਤੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਪਰਿਵਰਤਨ ਵਿਰੁੱਧ ਵੱਡਾ ਐਕਸ਼ਨ ਪਲਾਨ ਤਿਆਰ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ 5 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਧਰਮ ਪਰਿਵਰਤਨ ਵਿਰੁੱਧ ਅਹਿਮ ਮਤਾ ਪਾਸ ਕਰਨ ਦਾ ਐਲਾਨ ਕੀਤਾ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਅਤੇ ਇਸ ਨਾਲ ਸਬੰਧਤ ਪਾਰਟੀਆਂ ਲਗਭਗ ਦੋ ਦਹਾਕਿਆਂ ਤੋਂ ਸਰਹੱਦੀ ਖੇਤਰਾਂ ਵਿੱਚ ਵੱਧ ਰਹੇ ਧਰਮ ਪਰਿਵਰਤਨ ਦਾ ਮੁੱਦਾ ਚੁੱਕ ਰਹੀਆਂ ਹਨ। ਹਜ਼ਾਰਾਂ ਪਰਿਵਾਰਾਂ ਦੀ ਘਰ ਵਾਪਸੀ ਵੀ ਹੋ ਚੁੱਕੀ ਹੈ। ਧਰਮ ਪਰਿਵਰਤਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਵੀ ਭੇਜਿਆ ਗਿਆ ਸੀ ਪਰ ਉਨ੍ਹਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਇਸ ਬਾਰੇ ਸ਼੍ਰੋਮਣੀ ਕਮੇਟੀ ਦੀਆਂ ਮੀਟਿੰਗਾਂ ਵਿੱਚ ਸਮੇਂ-ਸਮੇਂ ’ਤੇ ਵਿਚਾਰਾਂ ਹੋਈਆਂ ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। 28 ਅਗਸਤ ਨੂੰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਡੱਡੂਆਣਾ ਵਿੱਚ ਈਸਾਈ ਭਾਈਚਾਰੇ ਵੱਲੋਂ ਕਰਵਾਏ ਜਾ ਰਹੇ ਬੰਦਗੀ ਸਮਾਗਮ ਵਿੱਚ ਨਿਹੰਗ ਸਿੰਘ ਅਤੇ ਈਸਾਈ ਭਾਈਚਾਰੇ ਦੇ ਨੁਮਾਇੰਦੇ ਆਹਮੋ-ਸਾਹਮਣੇ ਆ ਗਏ।