Jalandhar

ਜਲੰਧਰ: ਕੋਟਕ ਮਹਿੰਦਰਾ ਬੈਂਕ 'ਚ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾਇਆ, ਦੋ ਨੌਜਵਾਨ ਕਾਬੂ

ਜਲੰਧਰ ਦੇਹਾਤ ਦੀ ਕ੍ਰਾਈਮ ਬਰਾਂਚ ਦੀ ਟੀਮ ਨੇ 11 ਜਨਵਰੀ ਨੂੰ ਦਿਨ ਦਿਹਾੜੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਕੋਟਕ ਮਹਿੰਦਰਾ ਬੈਂਕ ਹਜ਼ਾਰਾ ਬ੍ਰਾਂਚ ‘ਚੋਂ ਹੋਈ 9 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਹੱਲ ਕਰਦੇ ਹੋਏ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਹੋਈ ਰਕਮ ਵਿੱਚੋਂ ਲੱਖਾਂ ਦੀ ਨਕਦੀ ਲੈਪਟਾਪ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਬਰਾਮਦ ਕਰ ਲਈ ਹੈ।

ਐਸਐਸਪੀ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਾਮ ਸਵਾ ਚਾਰ ਵਜੇ ਦੇ ਕਰੀਬ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਜੰਡੂਸਘਾ ਰੋਡ ਤੇ ਪੈਂਦੇ ਹਜ਼ਾਰਾ ਪਿੰਡ ਵਿੱਚ ਸਥਿਤ ਕੋਟਕ ਮਹਿੰਦਰਾ ਬੈਂਕ ਦੀ ਬਰਾਂਚ ਵਿੱਚ ਪਿਸਤੌਲ ਦੀ ਨੋਕ ਤੇ ਨੌ ਲੱਖ ਰੁਪਏ ਦੀ ਲੁੱਟ ਕਰ ਲਈ ਸੀ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਧਾਰਾ 392 506 34 ਆਈਪੀਸੀ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਐਸ ਪੀ ਡੀ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਕ੍ਰਾਈਮ ਬਰਾਂਚ ਦੇ ਮੁਖੀ ਸਬ-ਇੰਸਪੈਕਟਰ ਪੁਸ਼ਪ ਬਾਲੀ ਨੂੰ ਦਿੱਤੀ। ਕ੍ਰਾਇਮ ਬਰਾਂਚ ਦੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਜਿਸ ਵਿੱਚ ਇਨ੍ਹਾਂ ਨੂੰ ਪਤਾ ਲੱਗਾ ਕਿ ਇਹ ਲੁੱਟ ਆਈ-10 ਗੱਡੀ ਵਿਚ ਸਵਾਰ ਦੋ ਨੌਜਵਾਨਾਂ ਵੱਲੋਂ ਕੀਤੀ ਗਈ ਹੈ। ਜਿਸ ਤੇ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ । ਪੁਲਸ ਪਾਰਟੀ ਜਾਂਚ ਕਰਦੀ ਹੋਈ ਤਰਨਤਾਰਨ ਅਤੇ ਅੰਮ੍ਰਿਤਸਰ ਇਲਾਕੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ 4 ਜਨਵਰੀ ਨੂੰ ਸ਼ਾਮੀ ਸਵਾ ਚਾਰ ਵਜੇ ਇਕ ਸ਼ੋਰੂਮ ਵਿਚ ਨਵੀਂ ਗੱਡੀ ਦੀ ਟਰਾਇ ਲੈਂਦੇ ਹੋਏ ਇੱਕ ਨੌਜਵਾਨ ਸ਼ੋਰੂਮ ਦੇ ਕਰਿਦੇ ਕੋਲੋ ਗੱਡੀ ਲੁੱਟ ਕੇ ਫਰਾਰ ਹੋ ਗਿਆ ਸੀ ।ਜਿਸ ਬਾਬਤ ਥਾਣਾ ਚਾਟੀਵਿੰਡ ਵਿੱਚ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਸੀ ।ਪੁਲਿਸ ਪਾਰਟੀ ਇਸ ਤੋਂ ਬਾਅਦ ਭਿੱਖੀਵਿੰਡ ਇਲਾਕੇ ਵਿੱਚ ਪਹੁੰਚੇ ਤਾਂ ਮੁਖਬਰ ਖਾਸ ਤੋਂ ਪਤਾ ਲੱਗਾ ਕਿ ਦਵਿੰਦਰ ਸਿੰਘ ਵਾਸੀ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਜੋ ਕਿ ਐਸ ਡੀ ਐਮ ਦਫ਼ਤਰ ਤਹਿਸੀਲ ਭਿੱਖੀਵਿੰਡ ਵਿੱਚ ਅਰਜੀ ਨਵੀਂਸ ਦਾ ਕੰਮ ਕਰਦਾ ਹੈ ਨੇ ਆਪਣੇ ਸਾਥੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਮਾਮਲੇ ਵਿੱਚ ਉਸ ਦਾ ਦੂਜਾ ਸਾਥੀ ਰਮਨਦੀਪ ਸਿੰਘ ਉਰਫ ਰਮਨ ਵਾਸੀ ਖਾਲੜਾ ਜਿਲਾ ਤਰਨ ਤਾਰਨ ਹੈ। ਜਿਸ ਨੇ ਉਕਤ ਗੱਡੀ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਸੀ ।ਮੁਖਬਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਇਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਪਿਛਲੇ ਦੋ ਦਿਨ ਤੋਂ ਆਪਣੇ ਘਰਾਂ ਤੋਂ ਵੀ ਗਾਇਬ ਹਨ। 17ਜਨਵਰੀ ਨੂੰ ਕਰਾਈਮ ਬਰਾਂਚ ਦੇ ਮੁਖੀ ਪੁਸ਼ਪ ਬਾਲੀ ਦੀ ਅਗਵਾਈ ਹੇਠ ਸਬ ੲਿਸਪੈਕਟਰ ਨਿਰਮਲ ਸਿੰਘ ਪੁਲਿਸ ਪਾਰਟੀ ਸਮੇਤ ਬਿਧੀਪੁਰ ਫਾਟਕ ਲਾਗੇ ਨਾਕਾਬੰਦੀ ਤੇ ਮੌਜੂਦ ਸਨ ਕਿ ਸਰਵਿਸ ਲੇਨ ਵੱਲੋਂ ਆਈ 10 ਗੱਡੀ ਆਉਂਦੀ ਦਿਖਾਈ ਦਿੱਤੀ। ਜਿਸ ਨੂੰ ਰੋਕ ਕੇ ਜਦ ਗੱਡੀ ਵਿੱਚ ਸਵਾਰ ਨੌਜਵਾਨ ਦਾ ਨਾਂ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਨਾਮ ਦਵਿੰਦਰ ਸਿੰਘ ਅਤੇ ਰਮਨਦੀਪ ਦੱਸਿਆ । ਜਿਸ ਤੋਂ ਬਾਅਦ ਪੁਲਸ ਵੱਲੋਂ ਜਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ ਪੁਲੀਸ ਨੂੰ 3 ਲੱਖ 90 ਹਜ਼ਾਰ ਰੁਪਏ ਬਰਾਮਦ ਹੋਏ। ਜਿਨਾ ਤੇ ਮਹਿੰਦ੍ਰਾ ਬੈਂਕ ਦੀ ਸਟੈਂਪ ਲੱਗੀ ਹੋਈ ਸੀ ।ਗੱਡੀ ਵਿੱਚੋਂ ਪੁਲੀਸ ਨੂੰ ਇੱਕ ਲੈਪਟਾਪ, ਸੋਨੇ ਦੀ ਮੁੰਦਰੀ ਅਤੇ ਸੋਨੇ ਦੇ ਟੋਪਸ ਵੀ ਬਰਾਮਦ ਹੋਏ। ਇਸ ਤੋਂ ੲਿਲਾਵਾ ਪੁਲਿਸ ਨੂੰ ਦਵਿੰਦਰ ਸਿੰਘ ਦੀ ਡਬ ਵਿਚ ਲੱਗੀ 32 ਬੋਰ ਦੀ ਪਿਸਤੌਲ ਅਤੇ 3 ਜਿੰਦਾ ਰੋਂਦ ਵੀ ਬਰਾਮਦ ਹੋਏ।

Leave a Reply

Your email address will not be published.

Back to top button