ਜਲੰਧਰ ਜ਼ਿਮਨੀ ਚੋਣ ਵਿੱਚ ਬੇਹੱਦ ਮਾੜਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮੁਸਬੀਤ ਖੜ੍ਹੀ ਕਰ ਸਕਦਾ ਹੈ। ਬਸਪਾ ਨਾਲ ਗੱਠਜੋੜ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 17.85 ਫੀਸਦੀ ਵੋਟਾਂ ਪੈਣੀਆਂ ਅਕਾਲੀ ਦਲ ਅੰਦਰ ਮੁੜ ਬਗਾਵਤ ਦਾ ਮੁੱਢ ਬੰਨ੍ਹ ਸਕਦਾ ਹੈ। ਪਾਰਟੀ ਅੰਦਰ ਪਹਿਲਾਂ ਹੀ ਚਰਚਾ ਹੈ ਕਿ ਲੋਕਾਂ ਦਾ ਗੁੱਸਾ ਅਕਾਲੀ ਦਲ ਪ੍ਰਤੀ ਨਹੀਂ ਸਗੋਂ ਬਾਦਲ ਪਰਿਵਾਰ ਪ੍ਰਤੀ ਹੈ। ਇਸ ਲਈ ਪਾਰਟੀ ਦੀ ਕਮਾਨ ਬਾਦਲ ਪਰਿਵਾਰ ਦੀ ਬਜਾਏ ਕਿਸੇ ਹੋਰ ਲੀਡਰ ਨੂੰ ਸੌਂਪਣੀ ਚਾਹੀਦੀ ਹੈ।
ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਚੋਣਾਂ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ। ਇਸ ਮਗਰੋਂ ਇਹ ਚਰਚਾ ਹੋਣ ਲੱਗੀ ਸੀ ਕਿ ਸਿਆਸਤ ਦੇ ਬੋਹੜ ਮੰਨੇ ਜਾਂਦੇ ਵੱਡੇ ਬਾਦਲ ਦੀ ਰੁਖ਼ਸਤਗੀ ਪਾਰਟੀ ਨੂੰ ਹਮਦਰਦੀ ਦੁਆ ਸਕਦੀ ਹੈ ਪਰ ਨਤੀਜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਚੋਣ ਵਿੱਚ ਵੱਡੇ ਬਾਦਲ ਦੇ ਦੇਹਾਂਤ ਤੋਂ ਬਾਅਦ ਪਾਰਟੀ ਨੂੰ ਹਮਦਰਦੀ ਦਾ ਵੋਟ ਹਾਸਲ ਨਹੀਂ ਹੋਇਆ।