ਜਲੰਧਰ ‘ਚ ਇਕ ਆਟੋ ਚਾਲਕ ਨੇ ਸ਼ਿਵ ਸੈਨਾ ਨੇਤਾ ਸੁਨੀਲ ਬੰਟੀ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਪੀੜਤ ਨੇ ਦੱਸਿਆ ਕਿ ਸੰਗਰਾਂ ਮੁਹੱਲੇ ਵਿੱਚ ਸ਼ਿਵ ਸੈਨਾ ਆਗੂ ਤੇ ਉਸ ਦੇ ਸਾਥੀਆਂ ਨੇ ਉਸ ਦੀ ਡੰਡਿਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਨੌਜਵਾਨ ਨੇ ਕੱਪੜੇ ਉਤਾਰ ਕੇ ਆਪਣੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ।
ਉਧਰ, ਸ਼ਿਵ ਸੈਨਾ ਆਗੂ ਸੁਨੀਲ ਬੰਟੀ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਪੁਲੀਸ ਨੂੰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਜਿੱਥੇ ਇਹ ਹਮਲਾ ਕਰਨ ਦਾ ਦੋਸ਼ ਹੈ, ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਸਕਦੀ ਹੈ। ਬੰਟੀ ਨੇ ਦੱਸਿਆ ਕਿ ਨੌਜਵਾਨ ਨੋਨੀ ਨਸ਼ੇ ਦਾ ਤਸਕਰ ਹੈ। ਉਹ ਅੱਧਾ ਕਿੱਲੋ ਹਸ਼ੀਸ਼ ਦੇ ਮਾਮਲੇ ‘ਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਹੈ। ਇਸ ਤੋਂ ਇਲਾਵਾ ਉਸਦੇ ਖਿਲਾਫ ਕਈ ਨਸ਼ੇ ਦੇ ਮਾਮਲੇ ਦਰਜ ਹਨ।