
ਮਲਸੀਆਂ ਦੀਆਂ ਵੱਖ-ਵੱਖ ਪੱਤੀਆਂ ‘ਚ ਕਈ ਸਾਲਾਂ ਤੋਂ ਹੋਈਆਂ ਬੇਨਿਯਮੀਆਂ ਦੀ ਉਚਿਤ ਜਾਂਚ ਅਤੇ ਹਲਕਾ ਸ਼ਾਹਕੋਟ ‘ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਸੰਤੋਖ ਸਿੰਘ ਐਤਵਾਰ ਨੂੰ ਫਿਰ ਤੋਂ ਸਥਾਨਕ ਬੱਸ ਅੱਡਾ ਵਿਖੇ ਮਰਨ ਵਰਤ ‘ਤੇ ਬੈਠ ਗਏ ਹਨ। ਇਸ ਮੌਕੇ ਸੰਤੋਖ ਸਿੰਘ ਨੇ ਦੱਸਿਆ ਕਿ ਬੀਤੇ 22 ਅਗਸਤ ਨੂੰ ਉਹ ਇਲਾਕੇ ਦੀਆਂ ਮੰਗਾਂ ਨੂੰ ਲੈ ਕੇ ਬੈਠੇ ਸਨ। ਪ੍ਰਸ਼ਾਸਨ ਵੱਲੋਂ ਮੰਗਾਂ ਸਬੰਧੀ ਜਾਂਚ 15 ਦਿਨਾਂ ‘ਚ ਪੂਰੀ ਕਰਨ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਕਰੀਬ ਤਿੰਨ ਹਫ਼ਤੇ ਬੀਤ ਜਾਣ ‘ਤੇ ਵੀ ਜਾਂਚ ਪੂਰੀ ਤਾਂ ਕੀ ਹੋਣੀ ਸੀ, ਅਜੇ ਤਕ ਸ਼ੁਰੂ ਹੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਮਲਸੀਆਂ ਦੀਆਂ ਵੱਖ-ਵੱਖ ਪੱਤੀਆਂ ‘ਚ ਹੋਈਆਂ ਬੇਨਿਯਮੀਆਂ ਦੀ ਨਿਰਪੱਖ ਜਾਂਚ ਲਈ ਉਹ ਸ਼ਾਹਕੋਟ, ਜਲੰਧਰ ਅਤੇ ਚੰਡੀਗੜ੍ਹ ਆਦਿ ਵਿਖੇ ਸਰਕਾਰੀ ਦਫ਼ਤਰਾਂ ‘ਚ ਸ਼ਿਕਾਇਤਾਂ ਕਰ ਚੁੱਕੇ ਹਨ ਅਤੇ ਅਣਗਿਣਤ ਚੱਕਰ ਵੀ ਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਦੁਬਾਰਾ ਮਰਨ ਵਰਤ ‘ਤੇ ਬੈਠਣਾ ਪਿਆ ਹੈ। ਬਾਬਾ ਸੰਤੋਖ ਸਿੰਘ ਨੇ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਅਤੇ ਜਾਂਚ ਉਪਰੰਤ ਇਨਸਾਫ ਨਹੀਂ ਮਿਲੇਗਾ, ਉਹ ਮਰਨ ਵਰਤ ਜਾਰੀ ਰੱਖਣਗੇ।