ਜਲੰਧਰ ਦੇ ਲੰਮਾ ਪਿੰਡ ਦੇ ਬਾਵਾ ਮੁਹੱਲੇ ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੰਬੀ-ਕਿਸ਼ਨਪੁਰਾ ਰੋਡ ਜਾਮ ਕਰ ਦਿੱਤੀ। ਉਸ ਦਾ ਕਹਿਣਾ ਹੈ ਕਿ 15 ਦਿਨਾਂ ਤੋਂ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਨਗਰ ਨਿਗਮ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਹੁਣ ਵਾਰਡਾਂ ਦਾ ਪ੍ਰਬੰਧ ਕਮਿਸ਼ਨਰ ਕੋਲ ਹੈ।
ਅਧਿਕਾਰੀਆਂ ਦੀ ਅਣਗਹਿਲੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਿਗਮ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ।
ਉਕਤ ਰੋਸ ਵਜੋਂ ਲਾਏ ਗਏ ਜਾਮ ‘ਚ ਲੰਮਾ ਪਿੰਡ ਦੇ ਇਲਾਵਾ ਸੰਤੋਖਪੁਰਾ, ਮੁਸਲਿਮ ਕਾਲੋਨੀ, ਵਿਨੇ ਨਗਰ, ਚੱਕ ਹੁਸੈਨਾ ਤੇ ਜੈਮਲ ਨਗਰ ਦੇ ਲੋਕ ਸ਼ਾਮਲ ਹੋਏ ਅਤੇ ਉਨ੍ਹਾਂ ਪੀਣ ਵਾਲੇ ਪਾਣੀ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਸੜਕ ‘ਤੇ ਦਰੀ ਵਿਛਾ ਕੇ ਧਰਨਾ ਮਾਰ ਦਿੱਤਾ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਹ ਖਾਲੀ ਬਾਲਟੀਆਂ ਲੈ ਕੇ ਸੜਕ ‘ਤੇ ਆਏ। ਉਕਤ ਜਾਮ ‘ਚ ਮਰਦਾਂ ਤੋਂ ਇਲਾਵਾ ਅੌਰਤਾਂ ਤੇ ਬੱਚੇ ਵੀ ਸ਼ਾਮਲ ਸਨ। ਲੋਕਾਂ ਦਾ ਦੋਸ਼ ਹੈ ਕਿ ਪਿਛਲੇ 10 ਦਿਨਾਂ ਤੋਂ ਵਿਨੇ ਨਗਰ, ਸੰਤੋਖਪੁਰਾ, ਲੰਮਾ ਪਿੰਡ, ਚੱਕ ਹੁਸੈਨਾ ਮੁਸਲਿਮ ਕਾਲੋਨੀ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਵੱਲੋਂ ਨਗਰ ਨਿਗਮ ਵਿਖੇ ਦਰਜ ਕਰਵਾਈਆਂ ਸ਼ਿਕਾਇਤਾਂ ਦਾ ਕੋਈ ਅਸਰ ਨਾ ਹੋਣ ‘ਤੇ ਲੋਕਾਂ ਦਾ ਸਬਰ ਦਾ ਘੜਾ ਛਲਕ ਗਿਆ ਤੇ ਉਕਤ ਆਬਾਦੀਆਂ ਦੇ ਲੋਕਾਂ ਨੇ ਆਪਣਾ ਰੋਸ ਪ੍ਰਗਟ ਕਰਨ ਲਈ ਲੰਮਾ ਪਿੰਡ ਚੌਕ ‘ਚ ਜਾ ਕੇ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ।