ਜਲੰਧਰ / ਐਸ ਐਸ ਚਾਹਲ
ਜਲੰਧਰ ਦੇ ਟਾਵਰ ਇਨਕਲੇਵ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਘਟਨਾ ਨੂੰ ਅੰਜਾਮ ਪੁੱਤਰ ਨੇ ਹੀ ਦਿੱਤਾ ਹੈ। ਪੁੱਤਰ ਨੇ ਆਪਣੇ ਪਿਤਾ, ਮਾਂ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਤੀਹਰਾ ਕਤਲ ਕਰਨ ਤੋਂ ਬਾਅਦ ਬੇਟਾ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਵੀ ਮੌਕੇ ‘ਤੇ ਪਹੁੰਚ ਰਹੇ ਹਨ।
ਇਹ ਹੈ ਪੂਰਾ ਮਾਮਲਾ
ਜੰਡਿਆਲਾ ਨੇੜੇ ਰਹਿਣ ਵਾਲਾ ਜਗਬੀਰ ਸਿੰਘ (52) ਦੋ ਸਾਲ ਪਹਿਲਾਂ ਹੀ ਪਰਿਵਾਰ ਸਮੇਤ ਟਾਵਰ ਇਨਕਲੇਵ ਵਿੱਚ ਸ਼ਿਫਟ ਹੋਇਆ ਸੀ। ਇੱਥੇ ਉਸ ਨੇ 10 ਮਰਲੇ ਦਾ ਛੋਟਾ ਜਿਹਾ ਘਰ ਤਿਆਰ ਕਰਵਾਇਆ ਸੀ। ਜਗਬੀਰ ਸਿੰਘ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਸ ਦਾ ਵੱਡਾ ਪੁੱਤਰ ਗਗਨਦੀਪ ਸਿੰਘ (32) ਬੈਚਲਰ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸ ਲਈ ਉਸ ਦਾ ਵਿਆਹ ਨਹੀਂ ਹੋਇਆ। ਜਦਕਿ ਛੋਟਾ ਲੜਕਾ ਹਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ।
ਹਰਪ੍ਰੀਤ ਸਿੰਘ ਆਪਣੇ ਪਿਤਾ ਜਗਬੀਰ ਸਿੰਘ ਅਤੇ ਮਾਤਾ ਅੰਮ੍ਰਿਤਪਾਲ ਕੌਰ ’ਤੇ ਮਕਾਨ ਆਪਣੇ ਨਾਮ ਉੱਤੇ ਕਰਵਾਉਣ ਲਈ ਦਬਾਅ ਪਾ ਰਿਹਾ ਸੀ ਪਰ ਮਾਪੇ ਤਿਆਰ ਨਹੀਂ ਸਨ। ਵੀਰਵਾਰ ਨੂੰ ਹਰਪ੍ਰੀਤ ਸਿੰਘ ਦੀ ਪਤਨੀ ਬੱਚਿਆਂ ਨਾਲ ਆਪਣੇ ਨਾਨਕੇ ਘਰ ਗਈ ਹੋਈ ਸੀ। ਬਾਅਦ ਵਿੱਚ ਪਿਓ-ਪੁੱਤ ਵਿੱਚ ਝਗੜਾ ਹੋ ਗਿਆ। ਹਰਪ੍ਰੀਤ ਸਿੰਘ ਨੇ ਡਬਲ ਬੈਰਲ ਬੰਦੂਕ ਨਾਲ ਆਪਣੇ ਪਿਤਾ ਨੂੰ ਪੰਜ ਗੋਲੀਆਂ ਮਾਰੀਆਂ। ਇਸ ਦੌਰਾਨ ਜਦੋਂ ਮਾਂ ਅੰਮ੍ਰਿਤਪਾਲ ਕੌਰ ਅਤੇ ਭਰਾ ਗਗਨਦੀਪ ਉਨ੍ਹਾਂ ਨੂੰ ਬਚਾਉਣ ਲਈ ਆਈ ਤਾਂ ਹਰਪ੍ਰੀਤ ਨੇ ਉਨ੍ਹਾਂ ਨੂੰ ਵੀ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਉਹ ਚੁੱਪਚਾਪ ਘਰ ਨੂੰ ਤਾਲਾ ਲਾ ਕੇ ਸਕੂਟਰ ‘ਤੇ ਫ਼ਰਾਰ ਹੋ ਗਿਆ। ਵੀਰਵਾਰ ਰਾਤ ਨੂੰ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਘਰ ਦੀ ਜਾਂਚ ਕੀਤੀ ਤਾਂ ਅੰਦਰ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ। ਪੁਲਿਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।