
ਜਲੰਧਰ, ਐਚ ਐਸ ਚਾਵਲਾ।
ਪੰਜਾਬ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਅਪਰਾਧੀ ਬੇਖੌਫ ਹੋ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸਦੇ ਚਲਦਿਆਂ ਅੱਜ ਜਲੰਧਰ ‘ਚ ਦਿਨ ਦਿਹਾੜੇ ਦਮੋਰੀਆ ਪੁਲ ਨੇੜੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਲੁੱਟ ਲਏ ਅਤੇ ਉਸਦੀ ਐਕਟਿਵਾ ਵੀ ਖੋਹ ਲਈ।
ਇਸ ਸਬੰਧੀ ਜਾਣਕਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਹ ਕਰੀਬ 5 ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ, ਜਦੋਂ ਉਹ ਦਮੋਰੀਆ ਪੁਲ ਨੇੜੇ ਪੁੱਜਾ ਤਾਂ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ ‘ਤੇ ਉਸ ਕੋਲੋਂ ਪੈਸੇ ਅਤੇ ਐਕਟਿਵਾ ਲੁੱਟ ਲਈ ਅਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਇਲਾਕੇ ਦੇ ਆਸਪਾਸ ਲਗੇ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।