
ਜਲੰਧਰ ਸ਼ਹਿਰ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਗੁੰਡਾਗਰਦੀ ਦੀ ਵੀਡੀਓ ਨੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਸ਼ਹਿਰ ਵਿੱਚ ਬੰਦ ਦੌਰਾਨ ਸ਼ਰਾਰਤੀ ਅਨਸਰ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਗੁੰਡਾਗਰਦੀ ਦਾ ਨਾਚ ਕਰਦੇ ਹੋਏ ਸਭ ਤੋਂ ਪਹਿਲਾਂ ਅਵਤਾਰ ਨਗਰ ਦੇ ਸਰਕਾਰੀ ਸਕੂਲ ਵਿੱਚ ਪੁੱਜੇ। ਉਸ ਤੋਂ ਬਾਅਦ ਗੁੰਡਾਗਰਦੀ ਕਰਦੇ ਹੋਏ ਖੁੱਲ੍ਹੀਆਂ ਦੁਕਾਨਾਂ ‘ਚ ਵੜ ਗਏ।
ਅਬਾਦਪੁਰਾ ਦੇ ਇੱਕ ਨਿੱਜੀ ਸਕੂਲ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਗੁੰਡੇ ਦਾਖਲ ਹੋਏ। ਭਾਵੇਂ ਸਕੂਲ ਵਿੱਚ ਬੱਚੇ ਨਹੀਂ ਸਨ ਪਰ ਦਫ਼ਤਰ ਵਿੱਚ ਕੰਮ ਨਿਪਟਾਉਣ ਆਏ ਪ੍ਰਿੰਸੀਪਲ ਐਸਆਰ ਕਟਾਰੀਆ ’ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਦੇ ਸਿਰ-ਗਰਦਨ ਅਤੇ ਬਾਹਾਂ ‘ਤੇ ਬੁਰੀ ਤਰ੍ਹਾਂ ਕੱਟਿਆ ਗਿਆ ਸੀ। ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਪ੍ਰਿੰਸੀਪਲ ਕਟਾਰੀਆ ਦੇ ਬਿਆਨ ਦਰਜ ਕਰਨ ਲਈ ਨਿੱਜੀ ਹਸਪਤਾਲ ਗਈ ਸੀ ਪਰ ਡਾਕਟਰਾਂ ਨੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਕਟਾਰੀਆ ਦੀ ਗਰਦਨ ’ਤੇ ਡੂੰਘਾ ਜ਼ਖ਼ਮ ਹੈ। ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਹੋਆ ਹੈ। ਉਨ੍ਹਾਂ ਨੂੰ ਬੋਲਣ ਵਿੱਚ ਮੁਸ਼ਕਲ ਹੋ ਸਕਦੀ ਹੈ।
ਜਿਨ੍ਹਾਂ ਨੌਜਵਾਨਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ, ਉਹ ਸਾਰੇ ਨੌਜਵਾਨ ਉਮਰ ਹਲਕੀ ਉਮਰ ਦੇ ਹਨ ਅਤੇ ਅਜੇ ਵੀ ਸਕੂਲ ਜਾਂ ਕਾਲਜ ਜਾਂਦੇ ਜਾਪਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਬੰਦ ਨੂੰ ਲੈ ਕੇ ਸ਼ਹਿਰ ਵਿੱਚ ਥਾਂ-ਥਾਂ ਪੁਲਿਸ ਤਾਇਨਾਤ ਸੀ ਪਰ ਇਸ ਦੇ ਬਾਵਜੂਦ ਗੁੰਡਾਗਰਦੀ ਬਿਲਕੁਲ ਖਾਕੀ ਦੇ ਨੱਕ ਹੇਠ ਹੋਈ।