ਜਲੰਧਰ ਵਿੱਚ ਨਾਜਾਇਜ਼ ਕਬਜ਼ਿਆਂ ‘ਤੇ ਪੁਲਿਸ ਦਾ ਡੰਡਾ ਚੱਲਿਆ। ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਕੰਪਨੀ ਬਾਗ ਚੌਕ ਤੋਂ ਬਸਤੀ ਅੱਡਾ ਚੌਕ ਤੱਕ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਦੌਰਾਨ ਰੇਹੜੀ-ਫੜ੍ਹੀ ਵਾਲਿਆਂ ਨੇ ਪੁਲਿਸ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਵੀ ਕੀਤਾ। ਮੌਕੇ ‘ਤੇ ਪਹੁੰਚੇ ਹਲਕਾ ਵਿਧਾਇਕ ਰਮਨ ਅਰੋੜਾ, ਸਾਬਕਾ ਕੌਂਸਲਰ ਸ਼ੈਰੀ ਚੱਢਾ ਤੇ ਹੋਰ ਆਗੂਆਂ ਦੀ ਹਾਜ਼ਰੀ ‘ਚ ਮਾਮਲਾ ਸ਼ਾਂਤ ਕਰ ਦਿੱਤਾ ਗਿਆ। ਉਧਰ, ਪੁਲਿਸ ਨੇ ਕਾਰਵਾਈ ਕਰਦਿਆਂ ਦੁਕਾਨਦਾਰਾਂ ਦੇ ਚਲਾਨ ਕੱਟੇ।
ਕੁਝ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਕਤ ਕਬਜ਼ਿਆਂ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ, ਉਨ੍ਹਾਂ ਨੇ ਕਬਜ਼ੇ ਨਹੀਂ ਹਟਾਏ ਸੀ। ਇਸ ਕਾਰਨ ਪੁਲਿਸ ਨੇ ਪਲਾਜ਼ਾ ਚੌਕ ਨੇੜੇ ਇੱਕ ਚਾਹ ਵਿਕਰੇਤਾ ਦਾ ਸਟੋਵ ਤੇ ਗੈਸ ਸਿਲੰਡਰ ਜ਼ਬਤ ਕਰ ਲਿਆ। ਇਸ ਤੋਂ ਬਾਅਦ ਮੌਕੇ ‘ਤੇ ਭਾਰੀ ਹੰਗਾਮਾ ਹੋ ਗਿਆ। ਇਸ ਮਗਰੋਂ ਵਿਧਾਇਕ ਰਮਨ ਅਰੋੜਾ ਪੁੱਜੇ ਤੇ ਥਾਣੇ ਤੋਂ ਸਾਮਾਨ ਛੁਡਵਾਇਆ।
ਏਡੀਸੀਪੀ ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਕਾਰਵਾਈ ਟ੍ਰੈਫਿਕ ਦੇ ਦਬਾਅ ਨੂੰ ਦੇਖਦਿਆਂ ਹੀ ਕੀਤੀ ਜਾ ਰਹੀ ਹੈ। ਪ੍ਰਤਾਪ ਬਾਗ ਚੌਂਕ, ਸ਼੍ਰੀ ਗੁਰੂ ਵਾਲਮੀਕ ਚੌਂਕ, ਸਿਵਲ ਹਸਪਤਾਲ ਤੋਂ ਲੈ ਕੇ ਬਸਤੀ ਅੱਡਾ ਚੌਂਕ, ਫਾਇਰ ਬ੍ਰਿਗੇਡ ਦਫਤਰ ਤੱਕ ਭਾਰੀ ਆਵਾਜਾਈ ਰਹਿੰਦੀ ਹੈ। ਇਸ ਕਾਰਨ ਇਸ ਰਸਤੇ ਦੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਫੁੱਟਪਾਥ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਟੈਕਸ ਨਾ ਭਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਹਨ। ਏਡੀਸੀਪੀ ਨੇ ਕਿਹਾ ਕਿ ਜੇਕਰ ਕਬਜ਼ੇ ਨਾ ਹਟਾਏ ਗਏ ਤਾਂ ਪੁਲਿਸ ਕੇਸ ਦਰਜ ਕਰੇਗੀ।