ਪੰਜਾਬ ਵਿਚ ਨਸ਼ੇ ਨੂੰ ਖਤਮ ਕਰਨ ਲਈ ਪਹਿਲਾਂ ਗੈਂਗਸਟਰਵਾਦ ਨੂੰ ਖਤਮ ਕਰਨਾ ਪਵੇਗਾ ਕਿਉਂਕਿ ਨਸ਼ਾ ਕੋਈ ਸਾਧਾਰਨ ਵਿਅਕਤੀ ਨਹੀਂ, ਬਲਕਿ ਗੁੰਡੇ ਅਨਸਰ ਹੀ ਵੇਚਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਮੰਗਲਵਾਰ ਨੂੰ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਦਾਣਾ ਮੰਡੀ ਮਲਸੀਆਂ ਵਿਖੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਹੋਈ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਸ਼ਿਆਂ ਵਿਚ ਲਾਇਆ ਜਾਂਦਾ ਹੈ ਤੇ ਬਾਅਦ ਵਿਚ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧ ਕਰਵਾਏ ਜਾਂਦੇ ਹਨ। ਇਸ ਕੰਮ ਵਿਚ ਸਿਰਫ ਗੈਂਗਸਟਰਾਂ ਦਾ ਹੀ ਹੱਥ ਨਹੀਂ ਹੈ, ਸਗੋਂ ਸਰਕਾਰੀ ਤੰਤਰ ਵੀ ਉਨ੍ਹਾਂ ਦੇ ਨਾਲ ਰਲ਼ਿਆ ਹੋਇਆ ਹੈ। ਮੌਜੂਦਾ ਸਰਕਾਰ ਦੀ ਬਦਮਾਸ਼ਾਂ ਨਾਲ ਮਿਲੀਭੁਗਤ ਹੈ ਅਤੇ ਸਰਕਾਰ ਗੁੰਡਾਗਰਦੀ ਤੇ ਮਸਲ ਪਾਵਰ ਨਾਲ ਚੋਣ ਜਿੱਤਣਾ ਚਾਹੁੰਦੀ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬਿਹਾਰ ਵਰਗੇ ਸੂਬਿਆਂ ਤੋਂ ਵੀ ਵੱਧ ਮਾੜੀ ਹੈ। ਉਨ੍ਹਾਂ ਦੇ ਪੁੱਤਰ ਸ਼ੁਭਦੀਪ ਦੀ ਸਕਿਓਰਿਟੀ ਘਟਾਉਣ ਤੋਂ ਬਾਅਦ ਹੁਕਮਾਂ ਨੂੰ ਵਾਇਰਲ ਕੀਤਾ ਗਿਆ ਤੇ ਸਰਕਾਰ ਨੇ ਇਹ ਗੱਲ ਸੁਪਰੀਮ ਕੋਰਟ ਵਿਚ ਵੀ ਕਬੂਲ ਕੀਤੀ ਹੈ ਪਰ ਫਿਰ ਵੀ ਹੁਕਮਾਂ ਨੂੰ ਲੀਕ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਚਰਨਜੀਤ ਸਿੰਘ ਚੰਨੀ ਬਾਰੇ ਬੋਲਦਿਆਂ ਕਿਹਾ ਕਿ ਉਹ ਚੰਨੀ ਦਾ ਦੇਣਾ ਨਹੀਂ ਦੇ ਸਕਦੇ, ਕਿਉਂਕਿ ਉਨ੍ਹਾਂ ਸਿੱਧੂ ਮੂਸੇਵਾਲਾ ਦੀ ਬਾਂਹ ਫੜੀ ਸੀ।
ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਪੁੱਤ ਸੀ ਤੇ ਉਸ ਦੀ ਮੌਤ ਨਾਲ ਸਿਰਫ ਪਰਿਵਾਰ ਨੂੰ ਨਹੀਂ, ਪੂਰੇ ਪੰਜਾਬ ਨੂੰ ਘਾਟਾ ਪਿਆ ਹੈ। ‘ਆਪ’ ਸਰਕਾਰ ਦੀ ਨਾਲਾਇਕੀ ਕਾਰਨ ਹੀ ਪੰਜਾਬ ਦੇ ਬਹਾਦਰ ਪੁੱਤ ਦਾ ਕਤਲ ਹੋਇਆ ਤੇ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਹੀ ਪਵੇਗਾ। ਚੰਨੀ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੂੰ 2 ਕਰੋੜ ਰੁਪਏ ਦੀ ਫਿਰੌਤੀ ਦੇਣ ਦਾ ਫੋਨ ਆਇਆ। ਫਿਰ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਨਸ਼ੇ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਪਿੰਡ-ਪਿੰਡ ਵਿਚ ਸਰਕਾਰ ਦੀ ਸਰਪ੍ਰਸਤੀ ਹੇਠ ਹੀ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਗੈਂਗਸਟਰ ਤੇ ਨਸ਼ੇ ਦੇ ਵਪਾਰੀ ਰਹਿਣਗੇ ਜਾਂ ਚਰਨਜੀਤ ਸਿੰਘ ਚੰਨੀ ਰਹੇਗਾ।
ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੀਟਿੰਗ ’ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਾਂਗਰਸੀ ਵਰਕਰਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਮੈਦਾਨ ਵਿਚ ਡੱਟਣ ਦੀ ਅਪੀਲ ਕੀਤੀ।