
ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਚੌਕੀ ਦੇ ਸਾਬਕਾ ਇੰਚਾਰਜ ਖ਼ਿਲਾਫ਼ ਚੋਰੀ ਦੀ ਰਿਕਵਰ ਮਨੀ ਗਾਇਬ ਕਰਨ ਦਾ ਮਾਮਲਾ ਦਰਜ ਕੀਤਾ ਹੈ ਅਤੇ ਬਿ੍ਟਿਸ਼ ਓਲੀਵੀਆ ਸਕੂਲ ਦੇ ਮਾਲਕ ਵੱਲੋਂ ਐੱਫਆਈਆਰ ਵਿਚ ਗ਼ਲਤ ਤੱਥ ਦੇ ਕੇ ਆਪਣੀ ਬਲੈਕਮਨੀ ਲੁਕੋਣ ‘ਤੇ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਰਾਮਾ ਮੰਡੀ ਦੇ ਬਿ੍ਟਿਸ਼ ਓਲੀਵੀਆ ਸਕੂਲ ਵਿਚ ਯੂਪੀ ਦਾ ਰਹਿਣ ਵਾਲਾ ਇਲੈਕਟ੍ਰੀਸ਼ਨ ਸ਼ਾਮੂ ਬਿਜਲੀ ਦਾ ਕੰਮ ਕਰਨ ਲਈ ਗਿਆ ਸੀ। ਉਥੇ ਇਕ ਲੋਹੇ ਦੀ ਅਲਮਾਰੀ ਪਈ ਹੋਈ ਸੀ। ਜਦ ਸ਼ਾਮੂ ਨੇ ਉਹ ਅਲਮਾਰੀ ਖਿੱਚੀ ਤਾਂ ਅਲਮਾਰੀ ਵਿਚ ਦੋ ਦੋ ਹਜ਼ਾਰ ਅਤੇ ਪੰਜ ਪੰਜ ਸੌ ਰੁਪਏ ਦੇ ਬੰਡਲ ਦਿਖਾਈ ਦਿੱਤੇ। ਅਗਲੇ ਦਿਨ ਜਦ ਉਹ ਸਕੂਲ ਵਿਚ ਕੰਮ ਕਰਨ ਆਇਆ ਤਾਂ ਉਸ ਨੇ ਆਪਣੇ ਥੈਲੇ ਵਿਚ ਸਾਰੇ ਨੋਟ ਭਰ ਲਏ ਅਤੇ ਆਪਣੀ ਦੁਕਾਨ ‘ਤੇ ਆ ਗਿਆ। ਕੁੱਲ ਨਕਦੀ 35 ਲੱਖ ਰੁਪਏ ਸੀ। ਸ਼ਾਮੂ ਉਹ ਰੁਪਈਏ ਲੈ ਕੇ ਆਪਣੇ ਘਰ ਚਲਾ ਗਿਆ ਅਤੇ ਘਰ ਜਾ ਕੇ ਦੱਸਿਆ ਕਿ ਉਸ ਨੂੰ ਇਹ ਰੁਪਏ ਰਸਤੇ ਵਿਚੋਂ ਲੱਭੇ ਹਨ। ਸ਼ਾਮੂ ਨੇ ਸਾਰੇ ਪੈਸੇ ਆਪਣੇ ਘਰ ਵਿਚ ਲੁਕੋ ਕੇ ਰੱਖ ਦਿੱਤੇ। ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ ਇਸ ਲਈ ਉਹ ਰੋਜ਼ਾਨਾ ਹੀ ਸਕੂਲ ਕੰਮ ਕਰਨ ਲਈ ਜਾਂਦਾ ਰਿਹਾ। ਇਸ ਤੋਂ ਬਾਅਦ ਸ਼ਾਮੂ ਨੇ ਇਨ੍ਹਾਂ ਪੈਸਿਆਂ ਵਿਚੋਂ ਲੱਖਾਂ ਰੁਪਏ ਦੀ ਖਰੀਦਦਾਰੀ ਵੀ ਕੀਤੀ ਅਤੇ ਟੈਕਸੀ ਕਰਕੇ ਉਹ ਆਪਣੇ ਮਾਂ ਪਿਓ ਨੂੰ ਮਿਲਣ ਲਈ ਯੂਪੀ ਚਲਾ ਗਿਆ।