ਜਲੰਧਰ ‘ਚ ਮੰਤਰੀ ਬਲਕਾਰ ਸਿੰਘ ਦੇ ਕਾਫ਼ਲੇ ‘ਤੇ ਹਮਲਾ, ਚੱਲੇ ਇੱਟਾਂ ਰੋੜੇ, ਪੁਲਿਸ ਮੁਲਾਜ਼ਮਾਂ ਦੀ ਵੀ ਕੁੱਟਮਾਰ, ਬਦਮਾਸ਼ਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ / ਸ਼ਿੰਦਰਪਾਲ ਸਿੰਘ ਚਾਹਲ
ਜਲੰਧਰ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਸ਼ਰਾਰਤੀ ਅਨਸਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਅਤੇ ਉਨ੍ਹਾਂ ਦੀ ਪਤਨੀ ਨਾਲ ਰਵਿਦਾਸ ਚੌਕ ਨੇੜੇ ਆਪਣੀ ਰਿਹਾਇਸ਼ ਨੂੰ ਜਾ ਰਹੇ ਸਨ। ਬਿਨਾਂ ਨੰਬਰ ਵਾਲੀ ਲਗਜ਼ਰੀ ਕਾਲੇ ਰੰਗ ਦੀ ਕਾਰ ‘ਚ ਸਵਾਰ ਬਦਮਾਸ਼ਾਂ ਨੇ ਨਾ ਸਿਰਫ਼ ਬਲਕਾਰ ਸਿੰਘ ਦੇ ਕਾਫ਼ਲੇ ‘ਤੇ ਇੱਟਾਂ ਰੋੜੇ ਵਰੇ ਸਗੋਂ ਉਸ ਦੇ ਪਾਇਲਟ ਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ।
ਜਾਣਕਾਰੀ ਮੁਤਾਬਿਕ ਘਟਨਾ ਰਾਤ ਕਰੀਬ ਇੱਕ ਵਜੇ ਵਾਪਰੀ। ਜਦੋਂ ਬਲਕਾਰ ਸਿੰਘ ਆਪਣੀ ਪਤਨੀ ਨਾਲ ਕੋਠੀ ਵੱਲ ਜਾ ਰਿਹਾ ਸੀ। ਮੰਤਰੀ ਬਲਕਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਰਵਿਦਾਸ ਚੌਕ ਨੇੜੇ ਜਾ ਰਹੇ ਸਨ ਕਿ ਉਸ ਨੂੰ ਲੈ ਕੇ ਜਾ ਰਹੇ ਪਾਇਲਟ ਦੇ ਜਵਾਨਾਂ ਨੇ ਕਾਲੇ ਰੰਗ ਦੀ ਬਿਨਾਂ ਨੰਬਰੀ ਗੱਡੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਆਪਣੀ ਕਾਰ ਚੌਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਪਾਇਲਟ ਦੇ ਮੁਲਾਜ਼ਮਾਂ ਨੂੰ ਰੋਕ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਬਦਮਾਸ਼ਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਸੀ। ਜਿਸ ਨੇ ਬਾਅਦ ਵਿੱਚ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਕਿਸੇ ਤਰ੍ਹਾਂ ਮੰਤਰੀ ਬਲਕਾਰ ਸਿੰਘ ਦੇ ਸੁਰੱਖਿਆ ਅਮਲੇ ਨੇ ਮੰਤਰੀ ਨੂੰ ਮੌਕੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਸਹੀ ਸਲਾਮਤ ਉਨ੍ਹਾਂ ਦੀ ਕੋਠੀ ਪਹੁੰਚ ਗਏ। ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ ਮੰਤਰੀ ਬਲਕਾਰ ਸਿੰਘ ਦੇ ਕਾਫਲੇ ਦਾ ਪਿੱਛਾ ਕਰਦੇ ਹੋਏ ਕੋਠੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।