ਜਲੰਧਰ ‘ਚ ਲੋਕ ਚੁੱਸਤ ਤੇ ਪੁਲਿਸ ਸੁਸਤ , ਲੋਕਾਂ ਨੇ 4 ਚੋਰਾਂ ਨੂੰ ਰੰਗੇ ਹੱਥੀਂ ਕੀਤਾ ਕਾਬੂ , ਜਲੰਧਰ ਸ਼ਹਿਰ ‘ਚ ਲਗਾਤਾਰ ਚੋਰ ਫੜੇ ਜਾ ਰਹੇ ਹਨ ਪਰ ਇਹ ਚੋਰ ਪੁਲਿਸ ਵੱਲੋਂ ਨਹੀਂ ਸਗੋਂ ਲੋਕਾਂ ਵੱਲੋਂ ਖੁਦ ਹੀ ਫੜੇ ਜਾ ਰਹੇ ਹਨ। ਲੋਕ ਹੁਣ ਉਹ ਕੰਮ ਕਰ ਰਹੇ ਹਨ ਜੋ ਪੁਲਿਸ ਨੂੰ ਕਰਨਾ ਚਾਹੀਦਾ ਹੈ। ਦੋ ਵੱਖ-ਵੱਖ ਥਾਵਾਂ ਚੌਗਿੱਟੀ ਅਤੇ ਅਵਤਾਰ ਨਗਰ ਵਿਖੇ ਲੋਕਾਂ ਨੇ 4 ਚੋਰਾਂ ਨੂੰ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ।
ਫੜੇ ਗਏ ਚਾਰੇ ਚੋਰ ਨਸ਼ੇ ਦੇ ਆਦੀ ਹਨ। ਕੋਈ ਚਰਸ-ਚਿੱਟਾ ਪੀਂਦਾ ਹੈ ਤਾਂ ਕਿਸੇ ਦੀਆਂ ਨਾੜਾਂ ‘ਤੇ ਨਸ਼ੇ ਦੇ ਨਿਸ਼ਾਨ ਹਨ। ਸਾਰੇ ਚੋਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਚੌਗਿੱਟੀ ‘ਚ ਫੜੇ ਗਏ ਚੋਰ ਚੌਗਿੱਟੀ ਅਤੇ ਨਾਲ ਲੱਗਦੇ ਮੁਹੱਲਾ ਕਾਜ਼ੀ ਮੰਡੀ ਦੇ ਵਸਨੀਕ ਹਨ। ਇਨ੍ਹਾਂ ਵਿਅਕਤੀਆਂ ਨੇ ਟੈਂਟ ਦੀ ਦੁਕਾਨ ਦੇ ਸ਼ਟਰ ਤੋੜ ਕੇ ਲੋਹੇ ਦੇ ਸਮਾਨ ਚੋਰੀ ਕਰ ਲਿਆ। ਇਸ ਤੋਂ ਬਾਅਦ ਜਦੋਂ ਸਾਰਾ ਸਾਮਾਨ ਆਟੋ ਵਿੱਚ ਪਾ ਕੇ ਵੇਚਣ ਜਾ ਰਹੇ ਸਨ ਤਾਂ ਟੈਂਟ ਮਾਲਕ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਫੜ ਲਿਆ। ਜਦੋਂ ਤਿੰਨੇ ਚੋਰ ਫੜੇ ਗਏ ਤਾਂ ਉਹ ਇਕ-ਦੂਜੇ ‘ਤੇ ਦੋਸ਼ ਲਗਾਉਣ ਲੱਗੇ ਕਿ ਚੋਰੀ ਉਨ੍ਹਾਂ ਨੇ ਕੀਤੀ ਹੈ, ਮੈਂ ਨਹੀਂ। ਉਹ ਸਿਰਫ ਆਟੋ ਚਲਾਉਂਦਾ ਹੈ। ਦੂਜਾ ਕਹਿਣ ਲੱਗਾ ਕਿ ਉਹ ਕਬਾੜ ਦਾ ਕੰਮ ਕਰਦਾ ਹੈ, ਚੋਰੀ ਤੀਜੇ ਨੇ ਕੀਤੀ ਹੈ। ਇਸ ਦੌਰਾਨ ਚੋਰਾਂ ਨੇ ਇਹ ਵੀ ਮੰਨ ਲਿਆ ਕਿ ਪਿਛਲੇ ਦਿਨੀਂ ਰਾਮਾਮੰਡੀ ਵਿੱਚ ਡੀ.ਜੇ ਦਾ ਸਮਾਨ ਵੀ ਉਸ ਵੱਲੋਂ ਚੋਰੀ ਕੀਤਾ ਗਿਆ ਸੀ।