
ਜਲੰਧਰ ‘ਚ ਕਾਂਗਰਸੀ ਆਗੂ ਤੇ ਕੌਂਸਲਰ ਦੇ ਪਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਕੌਂਸਲਰ ਦੇ ਪਤੀ ਨੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਰਜਿਸਟਰੀ ਕਰਵਾ ਲਈ। ਆਮ ਆਦਮੀ ਪਾਰਟੀ ਦੇ ਉੱਤਰੀ ਸਰਕਲ ਇੰਚਾਰਜ ਦਿਨੇਸ਼ ਢੱਲ ਨੇ ਖੁਦ ਇਸ ਦੀ ਜਾਂਚ ਪੁਲਸ ਤੋਂ ਕਰਵਾਈ।ਜਾਣਕਾਰੀ ਮੁਤਾਬਕ ਪੁਲਸ ਨੇ ਜਲੰਧਰ ‘ਚ ਵਾਰਡ-3 ਦੀ ਕੌਂਸਲਰ ਰਿਸ਼ਾ ਸੈਣੀ ਦੇ ਪਤੀ ਰਵੀ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਰਵੀ ਸੈਣੀ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕੀਤਾ, ਫਿਰ ਗਲਤ ਖਸਰਾ ਨੰਬਰ ਦਿਖਾ ਕੇ ਰਜਿਸਟਰੀ ਕਰਵਾ ਦਿੱਤੀ। ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਤਾਂ ਸਭ ਕੁਝ ਸਾਹਮਣੇ ਆਇਆ।

ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਅਤੇ ਮੌਜੂਦਾ ਵਿਧਾਇਕ ਬਾਵਾ ਹੈਨਰੀ ਦੇ ਕਰੀਬੀ ਕੌਂਸਲਰ ਪਤੀ ਰਵੀ ਸੈਣੀ ਨੂੰ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਦੇ ਇਲਾਕਾ ਇੰਚਾਰਜ ਦਿਨੇਸ਼ ਢੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਪੰਜਾਬ ਵਿੱਚ ਕਿਸੇ ਵੀ ਆਗੂ ਦਾ ਕਿਸੇ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਹੋਵੇਗਾ।
ਜਲੰਧਰ ‘ਚ ਪੁਲਿਸ ਵੱਲੋਂ ਕਾਂਗਰਸੀ ਆਗੂ ਤੇ ਕੌਂਸਲਰ ਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਥਾਣਾ ਡਿਵੀਜ਼ਨ ਨੰਬਰ-8 ਦਾ ਘਿਰਾਓ ਕੀਤਾ। ਜਲੰਧਰ ਉੱਤਰੀ ਤੋਂ ਵਿਧਾਇਕ ਬਾਵਾ ਹੈਨਰੀ ਵੀ ਕਾਂਗਰਸੀ ਆਗੂ ਨਾਲ ਥਾਣੇ ਪਹੁੰਚ ਗਏ ਹਨ। ਰਵੀ ਸੈਣੀ ਦੀ ਰਿਹਾਈ ਲਈ ਕਾਂਗਰਸੀਆਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।