
ਜਲੰਧਰ ਸ਼ਹਿਰ ‘ਚ ਫੁੱਟਬਾਲ ਚੌਕ ਨੇੜੇ ਦੇਰ ਰਾਤ ਸ਼ਰਾਬੀ ਅਮੀਰਜ਼ਾਦਿਆਂ ਨੇ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਤੇਜ਼ ਰਫਤਾਰ ਗੱਡੀ ਨਾਲ ਟੱਕਰ ਮਾਰ ਦਿੱਤਾ। ਇਸ ਹਮਲੇ ਵਿੱਚ ਕੋਲ ਖੜ੍ਹੇ ਇੱਕ ਨੌਜਵਾਨ ਨੂੰ ਵੀ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀਆਂ ਲੱਤਾਂ ਟੁੱਟ ਗਈਆਂ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ।
ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਇਸ ਦੇ ਏਅਰ ਬੈਗ ਵੀ ਖੁੱਲ੍ਹ ਗਏ। ਅਗਲਾ ਇੰਜਣ ਅਤੇ ਸੇਫਟੀ ਸਭ ਕੁਝ ਖਰਾਬ ਹੋ ਗਿਆ। ਜਿਸ ਇਨੋਵਾ ਗੱਡੀ ਨੂੰ ਪਿੱਛੋਂ ਟੱਕਰ ਮਾਰੀ ਗਈ, ਉਸ ਵਿੱਚ ਮਰੀਜ਼ ਲਿਆ ਗਿਆ ਸੀ।ਅਜੇ ਮਰੀਜ਼ ਨੂੰ ਲਾਹ ਕੇ ਹਸਪਤਾਲ ਵੱਲ ਵਧੇ ਹੀ ਸਨ ਕਿ ਪਿੱਛੋਂ ਤੇਜ਼ ਰਫਤਾਰ ਗੱਡੀ ਨੇ ਟੱਕਰ ਮਾਰ ਦਿੱਤੀ। ਸ਼ੁਕਰ ਇਹ ਹੈ ਕਿ ਇਨੋਵਾ ਗੱਡੀ ਵਿੱਚੋਂ ਸਾਰੇ ਲੋਕ ਉਤਰ ਚੁੱਕੇ ਸਨ, ਨਹੀਂ ਤਾਂ ਕਈ ਲੋਕਾਂ ਨੂੰ ਸੱਟਾਂ ਲੱਗਦੀਆਂ ਤੇ ਵੱਡਾ ਹਾਦਸਾ ਹੋ ਸਕਦਾ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਇਕ ਬੇਕਾਬੂ ਕਾਰ ਨੂੰ ਤੇਜ਼ ਰਫਤਾਰ ਨਾਲ ਆਉਂਦੀ ਦੇਖ ਕੇ ਲੋਕ ਪਿੱਛੇ-ਪਿੱਛੇ ਜਾਣ ਲੱਗੇ। ਨਹੀਂ ਤਾਂ ਬਹੁਤ ਸਾਰੇ ਲੋਕ ਕੁਚਲੇ ਜਾਂਦੇ। ਜਿਸ ਲੜਕੇ ਦੀ ਲੱਤਾਂ ਟੁੱਟੀਆਂ ਹਨ, ਉਹ ਇਨੋਵਾ ਕਾਰ ਦੇ ਪਿੱਛੇ ਖੜ੍ਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ‘ਚ ਸਵਾਰ ਨੌਜਵਾਨਾਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਲੋਕਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਹੋਸ਼ ਵਿਚ ਨਹੀਂ ਸੀ। ਮੋਬਾਈਲਨ ਨਾਲ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਰਲੇ ਲੋਕਾਂ ਦੇ ਉਨ੍ਹਾਂ ਨੇ ਮੋਬਾਈਲ ਖੋਹਣੇ ਸ਼ੁਰੂ ਕਰ ਦਿੱਤੇ।
ਘਟਨਾ ਤੋਂ ਤੁਰੰਤ ਬਾਅਦ ਲੋਕਾਂ ਨੇ ਪੁਲਸ ਨੂੰ ਫੋਨ ‘ਤੇ ਸੂਚਨਾ ਦਿੱਤੀ ਪਰ ਪੁਲਿਸ ਕਰੀਬ ਡੇਢ ਘੰਟੇ ਬਾਅਦ ਮੌਕੇ ‘ਤੇ ਪਹੁੰਚੀ। ਉਦੋਂ ਤੱਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਵੀ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।