ਜਲੰਧਰ ‘ਚ ਪੈਂਦੇ 66 ਫੁੱਟੀ ਰੋਡ ’ਤੇ ਪਿਛਲੇ ਦਿਨੀਂ ਪਿਸਤੌਲ ਦੀ ਨੋਕ ’ਤੇ ਠੇਕੇ ਤੋਂ ਲੁੱਟ ਕਰਨ ਵਾਲੇ ਦੋ ਲੁਟੇਰਿਆਂ ਵਿੱਚੋਂ ਇੱਕ ਲੁਟੇਰਾ ਜਦ ਪੁਲਿਸ ਪਾਰਟੀ ਨੇ ਭਾਰਗੋ ਕੈਂਪ ਇਲਾਕੇ ਵਿਚ ਘੇਰ ਲਿਆ ਤਾਂ ਉਸਨੇ ਪੁਲਿਸ ਪਾਰਟੀ ’ਤੇ ਗੋਲ਼ੀ ਚਲਾ ਦਿੱਤੀ। ਪੁਲਿਸ ਪਾਰਟੀ ਵੱਲੋਂ ਚਲਾਈ ਗਈ ਜਵਾਬੀ ਗੋਲ਼ੀ ਵਿੱਚ ਉਕਤ ਲੁਟੇਰਾ ਜ਼ਖਮੀ ਹੋ ਗਿਆ। ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਕੋਲੋਂ ਪਿਸਤੌਲ ਬਰਾਮਦ ਕਰ ਲਈ ਹੈ ਜਦਕਿ ਠੇਕਾ ਲੁੱਟਣ ਦੇ ਮਾਮਲੇ ਵਿੱਚ ਉਸਦੇ ਦੂਜੇ ਸਾਥੀ ਨੂੰ ਥਾਣਾ ਸੱਤ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ 66 ਫੁੱਟੀ ਰੋਡ ’ਤੇ ਪੈਂਦੇ ਇੱਕ ਸ਼ਰਾਬ ਦੀ ਦੁਕਾਨ ਤੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇਕ ਲੱਖ 37 ਹਜਾਰ ਰੁਪਏ ਦੀ ਲੁੱਟ ਕੀਤੀ ਸੀ ਤੇ ਜਾਂਦੇ ਹੋਏ ਸ਼ਰਾਬ ਦੀ ਇੱਕ ਬੋਤਲ ਵੀ ਲੁਟੇਰੇ ਚੁੱਕ ਕੇ ਲੈ ਗਏ ਸਨ। ਥਾਣਾ ਨੰਬਰ ਸੱਤ ਵਿੱਚ ਠੇਕੇ ਦੇ ਕਰਿੰਦੇ ਰਾਜਕੁਮਾਰ ਦੇ ਬਿਆਨਾਂ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਲਈ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਦੀ ਟੀਮ ਨੂੰ ਲਗਾਇਆ ਸੀ। ਸੀਆਈਏ ਸਟਾਫ਼ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਠੇਕੇ ’ਤੇ ਲੁੱਟ ਕਰਨ ਵਾਲੇ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਭਾਰਗੋ ਕੈਂਪ ਇਲਾਕੇ ਵਿੱਚ ਮੋਟਰਸਾਈਕਲ ਤੇ ਜਾ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਦੱਸੀ ਥਾਂ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੀ। ਜਿੱਦਾਂ ਹੀ ਮੋਟਰਸਾਈਕਲ ’ਤੇ ਆ ਰਹੇ ਇੱਕ ਨੌਜਵਾਨ ਨੇ ਪੁਲਿਸ ਪਾਰਟੀ ਦੇਖੀ ਤਾਂ ਉਸ ਨੇ ਆਪਣੇ ਡੱਬ ਵਿੱਚ ਲਗਾਈ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਗੋਲ਼ੀ ਚਲਾ ਦਿੱਤੀ ਜੋ ਕਿ ਪੁਲਿਸ ਪਾਰਟੀ ਦੀ ਗੱਡੀ ਤੇ ਲੱਗੀ। ਜਿਸ ਤੋਂ ਬਾਅਦ ਇੰਸਪੈਕਟਰ ਹਰਿੰਦਰ ਸਿੰਘ ਤੇ ਉਸਦੀ ਟੀਮ ਨੇ ਮੋਰਚਾ ਸੰਭਾਲਿਆ ਤੇ ਜਵਾਬੀ ਫਾਇਰਿੰਗ ਕੀਤੀ ਪੁਲਿਸ ਪਾਰਟੀ ਵੱਲੋਂ ਚਲਾਈ ਗਈ ਇੱਕ ਗੋਲ਼ੀ ਲੁਟੇਰੇ ਦੀ ਲੱਤ ਤੇ ਲੱਗੀ ਤੇ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਪਿਆ। ਜਿਸ ਨੂੰ ਕਾਬੂ ਕਰਕੇ ਜਦ ਉਸਦਾ ਨਾ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਸਰਵਨ ਸਿੰਘ ਉਰਫ ਮਨੀ ਵਾਸੀ ਪਿੰਡ ਲੁਹਾਰਾ ਥਾਣਾ ਸਦਰ ਜਿਲ੍ਹਾ ਜਲੰਧਰ ਦੱਸਿਆ। ਪੁਲਿਸ ਪਾਰਟੀ ਨੇ ਉਸ ਦਾ ਪਿਸਤੌਲ ਕਬਜ਼ੇ ਵਿੱਚ ਲੈ ਲਿਆ ਤੇ ਜ਼ਖ਼ਮੀ ਹਾਲਤ ਵਿੱਚ ਮਨੀ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੇ ਖ਼ਿਲਾਫ਼ ਪੁਲਿਸ ਪਾਰਟੀ ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਇੱਕ ਮੁਕਦਮਾ ਥਾਣਾ ਭਾਰਗੋ ਕੈਂਪ ਵਿੱਚ ਦਰਜ ਕੀਤਾ ਗਿਆ ਹੈ। ਹਸਪਤਾਲ ਵਿੱਚ ਦਾਖਲ ਮੁਲਜ਼ਮ ਦੇ ਠੀਕ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਉਹ ਪੁਲਿਸ ਦੀ ਕਸਟਡੀ ਵਿੱਚ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦਾ ਦੂਜਾ ਸਾਥੀ ਜਿਸ ਨੇ ਠੇਕਾ ਲੁੱਟਣ ਵਿੱਚ ਉਸਦਾ ਸਾਥ ਦਿੱਤਾ ਸੀ ਨੂੰ ਥਾਣਾ ਸੱਤ ਦੇ ਮੁਖੀ ਇੰਸਪੈਕਟਰ ਮੁਕੇਸ਼ ਕੁਮਾਰ ਨੇ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਅੰਮ੍ਰਿਤ ਪਾਲ ਸਿੰਘ ਉਰਫ ਕਾਕਾ ਵਾਸੀ ਪਿੰਡ ਤਾਜਪੁਰ ਜਲੰਧਰ ਦੇ ਰੂਪ ਵਿੱਚ ਹੋਈ।