
ਜਲੰਧਰ / ਐਸ ਐਸ ਚਾਹਲ
ਜਲੰਧਰ ਚ ਵੱਖ ਵੱਖ ਸਿੱਖ ਜਥੇਬੰਦੀਆਂ ਦਲ ਖ਼ਾਲਸਾ, ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ, ਆਲ-ਇੰਡੀਆ ਬੈਕਵਰਡ ਅਤੇ ਮਾਈਨਾਰਿਟੀ ਕਮਿਊਨਿਟੀਜ਼ ਇੰਪਲਾਈਜ਼ ਫੈੱਡਰੇਸ਼ਨ ਵਲੋਂ ਸਿੱਖ ਸਿਆਸੀ ਕੈਦੀਆਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੇ ਵਿਰੋਧ ਵਿਚ ਸ਼ਾਂਤੀ ਪੂਰਵਕ ਰੋਸ ਮਾਰਚ ਕੱਢਿਆ ਗਿਆ ,ਕੇਂਦਰ ਸਰਕਾਰ ਵੱਲੋਂ ਪੰਜਾਬ ‘ਤੇ ਥੋਪੇ ਜਾ ਰਹੇ ਅਖੌਤੀ-ਰਾਸ਼ਟਰਵਾਦ, ਪੰਜਾਬ ਦੇ ਦਰਿਆਈ ਪਾਣੀਆਂ ਦੀ ਗੈਰ-ਸੰਵਿਧਾਨਕ ਲੁੱਟ ਤੋਂ ਇਲਾਵਾ ਸਿੱਖ ਸਿਆਸੀ ਕੈਦੀਆਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਦੇ ਵਿਰੋਧ ਵਿਚ ਪੰਜਾਬ ਦੀ ਅਸਲ ਧਰਮ-ਨਿਰਪੱਖਤਾ ਦੀ ਨਿਵੇਕਲੀ ਤਸਵੀਰ ਪੇਸ਼ ਕਰਦਿਆਂ ਪੰਜਾਬ ਦੇ ਸਿੱਖ, ਮੂਲ ਨਿਵਾਸੀ ਅਤੇ ਮੁਸਲਮਾਨ ਭਾਈਚਾਰੇ ਨੇ ਇਕੱਠਿਆਂ ਗੁਰਦੁਆਰਾ ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ‘ਚ ਕਾਨਫਰੰਸ ਕੀਤੀ।
ਹੱਥਾਂ ਵਿਚ ਤਖਤੀਆਂ, ਝੰਡਿਆਂ ਅਤੇ ਪੰਜਾਬ ਦੇ ਚਲੰਤ ਮਸਲਿਆਂ ‘ਤੇ ਸਰਕਾਰ ਦੇ ਦੋਹਰੇ ਮਾਪਦੰਡਾਂ ਦੇ ਲਿਖੇ ਹੋਏ ਬੋਰਡਾਂ ਨਾਲ ਸ਼ਾਂਤੀ ਪੂਰਵਕ ਰੋਸ ਮਾਰਚ ਕੀਤਾ। ਸੈਂਕੜੇ ਨੌਜਵਾਨਾਂ ਨੇ ਸੜਕਾਂ ‘ਤੇ ਉਤਰ ਕੇ ਪੰਜਾਬ ਦੀ ਆਜ਼ਾਦੀ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਨੂੰ ਬਹਾਲ ਕਰਨ ਲਈ ਸਾਂਝੇ ਤੌਰ ‘ਤੇ ਸਿਆਸੀ ਸੰਘਰਸ਼ ਵਿੱਢਣ ਦਾ ਸੰਕਲਪ ਲਿਆ। ਉਨ੍ਹਾਂ ਭਾਜਪਾ ਅਤੇ ‘ਆਪ’ ਨੂੰ ਇਕੋ ਹਿੰਦੂਤਵੀ ਸਿੱਕੇ ਦੇ ਦੋ ਪਾਸੇ ਦੱਸਦਿਆਂ ਕਿਹਾ ਕਿ ਕੇਂਦਰੀ ਸ਼ਾਸਕਾਂ ਵੱਲੋਂ ਹਮੇਸ਼ਾ ਹੀ ਸਾਡੇ ਹੱਕ-ਹਕੂਕ ਤੇ ਆਜ਼ਾਦੀ ਖੋਹੀ ਗਈ ਹੈ।