ਜਲੰਧਰ ‘ਚ ਫੁੱਟਪਾਥ ‘ਤੇ ਕਬਜ਼ਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ਜਾਰੀ ਹੈ। ਐਤਵਾਰ ਨੂੰ ਪੁਲਿਸ ਦੇ ਟ੍ਰੈਫਿਕ-ਪੀਸੀਆਰ ਵਿੰਗ ਨੇ ਬਾਜ਼ਾਰ ਲਗਾਉਣ ਲਈ ਆਏ ਰੇਹੜੀ-ਫੜ੍ਹੀ ਵਾਲਿਆਂ ਦਾ ਸਾਮਾਨ ਅੰਦਰ ਰਖਵਾ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਦੁਬਾਰਾ ਸੜਕ ‘ਤੇ ਸਟਾਲ ਲਗਾਉਂਦੇ ਹਨ ਤਾਂ ਉਨ੍ਹਾਂ ਦਾ 20 ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾਵੇਗਾ।
ਦੱਸ ਦਈਏ ਕਿ ਐਤਵਾਰ ਨੂੰ ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਨਕੋਦਰ ਚੌਕ ਅਤੇ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਕੰਪਨੀ ਬਾਗ ਚੌਕ ਤੱਕ ਵਾਲੇ ਬਾਜ਼ਾਰ ’ਚ ਹਜ਼ਾਰਾਂ ਦੀ ਗਿਣਤੀ ’ਚ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੱਪੜੇ ਅਤੇ ਹੋਰ ਸਾਮਾਨ ਵੇਚਿਆ ਜਾਂਦਾ ਹੈ। ਹਰੇਕ ਨੇ ਕੱਪੜੇ ਸੜਕ ‘ਤੇ ਰੱਖੇ ਹੋਏ ਹੁੰਦੇ ਹਨ, ਜਿਸ ਕਾਰਨ ਪੁਲਿਸ ਨੇ ਫੁੱਟਪਾਥ ਤੋਂ ਉਨ੍ਹਾਂ ਦੀਆਂ ਫੜ੍ਹੀਆਂ ਅਤੇ ਰੇਹੜੀਆਂ ਨੂੰ ਹਟਵਾ ਦਿੱਤਾ ਕਿਉਂਕਿ ਇਸ ਨਾਲ ਟ੍ਰੇੈਫਿਕ ਜਾਮ ਰਹਿੰਦਾ ਹੈ।
ਜਲੰਧਰ ਪੁਲਿਸ ਦੀਆਂ ਟੀਮਾਂ ਭਗਵਾਨ ਵਾਲਮੀਕਿ ਚੌਕ ਨੇੜੇ ਕਾਰਵਾਈ ਲਈ ਤਾਇਨਾਤ ਰਹੀਆਂ। ਹੁਣ ਸ਼ਹਿਰ ਵਿਚ ਕੁੱਲ 34 ਵੈਂਡਿੰਗ ਜ਼ੋਨ ਬਣਾਏ ਜਾਣਗੇ। ਸਾਰਿਆਂ ਨੂੰ ਆਧੁਨਿਕ ਬਣਾਇਆ ਜਾਵੇਗਾ। ਇਕ ਦਿਨ ਪਹਿਲਾਂ ਪੁਲਿਸ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਤੋਂ ਕਬਜ਼ੇ ਹਟਾਏ ਗਏ ਸਨ।
ਨਗਰ ਨਿਗਮ ਸ਼ਹਿਰ ਵਿਚ 4 ਵੈਂਡਿੰਗ ਜ਼ੋਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿਚ ਪਹਿਲਾ ਵੈਂਡਿੰਗ ਜ਼ੋਨ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਦੂਜਾ ਅਰਬਨ ਅਸਟੇਟ ਵਿਚ, ਤੀਜਾ ਪੀਪੀਆਰ ਵਿਚ ਅਤੇ ਚੌਥਾ ਜੋਤੀ ਨਗਰ ਵਿਚ ਬਣਾਇਆ ਜਾਵੇਗਾ।