
ਵਿਜੀਲੈਂਸ ਬਿਊਰੋ ਵੱਲੋਂ ਜਲੰਧਰ ਨਗਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਾਂਚ ਦਾ ਘੇਰਾ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲ ਘੁੰਮ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਚੁੱਕੇ ਹਨ ਕਿ ਭ੍ਰਿਸ਼ਟਾਚਾਰ ਵਿਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸੱਤਾਧਾਰੀ ਪਾਰਟੀ ਨਾਲ ਹੀ ਸਬੰਧ ਕਿਉਂ ਨਾ ਰੱਖਦਾ ਹੋਵੇ।

ਮਹਿਲਾ ਨਾਲ ਜਿਨਸੀ ਸੋਸ਼ਣ ਕਰਨ ਵਾਲਾ ਵਿਧਾਨ ਸਭਾ ਹਲਕੇ ਦਾ ਪ੍ਰਧਾਨ AAP ਆਗੂ ਗ੍ਰਿਫ਼ਤਾਰ
ਮੁੱਖ ਮੰਤਰੀ ਨੇ ਲੁਧਿਆਣਾ ਵਿਚ ਵੀ ਇਕ ਸਮਾਰੋਹ ਦੌਰਾਨ ਭ੍ਰਿਸ਼ਟਾਚਾਰ ਨੂੰ ਲੈ ਕੇ ਸਖ਼ਤ ਸਟੈਂਡ ਲੈਣ ਦਾ ਸੰਕੇਤ ਦਿੱਤਾ ਸੀ। ਉਸ ਤੋਂ ਬਾਅਦ ਵਿਜੀਲੈਂਸ ਬਿਊਰੋ ਇਕਦਮ ਹਰਕਤ ਵਿਚ ਆ ਗਿਆ ਅਤੇ ਉਨ੍ਹਾਂ ਬੀਤੇ ਦਿਨੀਂ ਹੀ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਆਪਣੀ ਹਿਰਾਸਤ ਵਿਚ ਲੈ ਲਿਆ ਸੀ। ਵੀਰਵਾਰ ਉਸ ਦੀ ਗ੍ਰਿਫ਼ਤਾਰੀ ਪਾਈ ਗਈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਾਂਚ ਦੌਰਾਨ ਵਿਜੀਲੈਂਸ ਅਧਿਕਾਰੀਆਂ ਵੱਲੋਂ ਇਹ ਵੇਖਿਆ ਜਾਵੇਗਾ ਕਿ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਕਿਹੜੀਆਂ-ਕਿਹੜੀਆਂ ਇਮਾਰਤਾਂ ਦੇ ਨਕਸ਼ਿਆਂ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਉਸ ਦੇ ਪਿੱਛੇ ਕੀ ਗੋਲਮਾਲ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਸੁਖਦੇਵ ਇਕ ‘ਆਪ’ ਆਗੂ ਦੇ ਕਹਿਣ ’ਤੇ ਫਾਈਲਾਂ ਨੂੰ ਕਲੀਅਰ ਕਰਦਾ ਸੀ। ਇਸ ਆਗੂ ਦੇ ਕਹਿਣ ’ਤੇ ਹੀ ਇਮਾਰਤਾਂ ਨੂੰ ਸੀਲਾਂ ਲਾਈਆਂ ਜਾਂਦੀਆਂ ਸਨ ਅਤੇ ਇਮਾਰਤਾਂ ਦੇ ਨਕਸ਼ਿਆਂ ਨੂੰ ਪਾਸ ਕੀਤਾ ਜਾਂਦਾ ਸੀ। ਉਕਤ ਆਗੂ ਦੀ ਬਿਲਡਿੰਗ ਬਰਾਂਚ ਵਿਚ ਇੰਨੀ ਜ਼ਿਆਦਾ ਦਖ਼ਲਅੰਦਾਜ਼ੀ ਸੀ ਕਿ ਉਸ ਦੇ ਕਹੇ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ ਸੀ।
ਵਿਜੀਲੈਂਸ ਅਧਿਕਾਰੀਆਂ ਨੂੰ ਇਸ ਦੀ ਭਿਣਕ ਲੱਗ ਚੁੱਕੀ ਹੈ ਅਤੇ ਉਹ ਜਾਂਚ ਕਰ ਰਹੇ ਹਨ ਕਿ ਉਕਤ ਆਗੂ ਅਤੇ ਇਸ ਅਧਿਕਾਰੀ ਨੇ ਮਿਲ ਕੇ ਪਿਛਲੇ ਸਮੇਂ ਵਿਚ ਕਿੰਨਾ ਪੈਸਾ ਲੋਕਾਂ ਤੋਂ ਭ੍ਰਿਸ਼ਟਾਚਾਰ ਜ਼ਰੀਏ ਲਿਆ ਹੈ। ਉਕਤ ਅਧਿਕਾਰੀ ਨਗਰ ਨਿਗਮ ਵਿਚ ਕੰਮ ਕਰਦੇ ਹੋਏ ਆਪਣੇ ਸਹਿਯੋਗੀ ਅਧਿਕਾਰੀਆਂ ਦੀ ਗੱਲ ਵੀ ਨਹੀਂ ਸੁਣਦਾ ਸੀ ਕਿਉਂਕਿ ਉਸ ਨੂੰ ਉਕਤ ‘ਆਪ’ ਆਗੂ ਦਾ ਆਸ਼ੀਰਵਾਦ ਹਾਸਲ ਸੀ। ਸ਼ਹਿਰ ਵਿਚ ਪ੍ਰਾਪਰਟੀ ਨਾਲ ਸਬੰਧਤ ਜਿੰਨੇ ਵੀ ਸੌਦੇ ਹੋਏ ਹਨ, ਉਨ੍ਹਾਂ ਵਿਚ ਇਨ੍ਹਾਂ ਦੋਵਾਂ ਦੀ ਸ਼ਮੂਲੀਅਤ ਦੱਸੀ ਜਾ ਰਹੀ ਹੈ।