ਜਲੰਧਰ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਇੱਕ ਮਾਮਲਾ ਅਜੇ ਸੁਲਝਿਆ ਵੀ ਨਹੀਂ ਹੈ ਕਿ ਅਗਲੇ ਹੀ ਪਲ ਕੋਈ ਹੋਰ ਮਾਮਲਾ ਹੋ ਜਾਂਦਾ ਹੈ। ਅਜਿਹਾ ਹੀ ਕੁਝ ਜਲੰਧਰ ‘ਚ ਦੇਖਣ ਨੂੰ ਮਿਲਿਆ। ਜਦੋਂ ਦੇਰ ਸ਼ਾਮ ਲੁਟੇਰਿਆਂ ਨੇ ਇੱਕ ਪ੍ਰਵਾਸੀ ਭਾਰਤੀ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਐਨਆਰਆਈ ਤੋਂ ਇੱਕ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਥਾਣਾ 6 ਅਧੀਨ ਪੈਂਦੇ ਲਾਜਪਤ ਨਗਰ ਵਿੱਚ ਇੱਕ ਆਟੋ ਚਾਲਕ ਬਜ਼ੁਰਗ ਐਨਆਰਆਈ ਕੋਲੋਂ ਇੱਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਬਲਵੰਤ ਰਾਏ ਕੈਂਥ ਨੇ ਦੱਸਿਆ ਕਿ ਉਹ ਸ਼ਾਮ ਨੂੰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ ਸੀ ਪਰ ਜਦੋਂ ਉਸ ਨੇ ਬੈਂਕ ਬੰਦ ਪਾਇਆ ਤਾਂ ਵਾਪਸ ਆਉਣਾ ਪਿਆ। ਪੀੜਤ ਨੇ ਦੱਸਿਆ ਕਿ ਜਦੋਂ ਉਹ ਲਾਜਪਤ ਨਗਰ ਫਾਟਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇਕ ਆਟੋ ਚਾਲਕ ਨੇ ਆ ਕੇ ਕਿਹਾ ਕਿ ਮੇਰਾ ਆਟੋ ਖਰਾਬ ਹੈ, ਮੇਰੀ ਮਦਦ ਕਰੋ।
ਜਦੋਂ ਐਨਆਰਆਈ ਬਲਵੰਤ ਰਾਏ ਆਟੋ ਚਾਲਕ ਦੀ ਮਦਦ ਕਰਨ ਲੱਗਾ ਤਾਂ ਉਸੇ ਸਮੇਂ ਲੁਟੇਰਾ ਆਟੋ ਚਾਲਕ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਬਜ਼ੁਰਗ ਐਨਆਰਆਈ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਆਟੋ ਚਾਲਕ ਫਰਾਰ ਹੋ ਚੁੱਕਾ ਸੀ। ਪ੍ਰਵਾਸੀ ਭਾਰਤੀ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 6 ਵਿੱਚ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
ਐਨਆਰਆਈ ਬਲਵੰਤ ਰਾਏ ਕੈਂਥ ਨੇ ਪੁਲਿਸ ਦੀ ਕਾਰਵਾਈ ‘ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਪੁਲਿਸ ਆਈ ਪਰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਗਈ।