
ਜਲੰਧਰ ਦਿਹਾਤੀ ਖੇਤਰ ਦੇ ਐੱਸਐੱਸਪੀ ਬਣੇ 2016 ਬੈਚ ਦੇ ਆਈਪੀਐੱਸ ਅੰਕੁਰ ਗੁਪਤਾ ਨੇ ਸ਼ਨਿਚਰਵਾਰ ਅਹੁਦਾ ਸੰਭਾਲ ਲਿਆ ਹੈ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਉਨ੍ਹਾਂ ਨੂੰ ਮੁਖਵਿੰਦਰ ਸਿੰਘ ਭੁੱਲਰ ਦੀ ਥਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਅੰਕੁਰ ਗੁਪਤਾ ਜਲੰਧਰ ਪੁਲਿਸ ਕਮਿਸ਼ਨਰੇਟ ‘ਚ ਡੀਸੀਪੀ ਲਾਅ ਐਂਡ ਆਰਡਰ ਵਜੋਂ ਤਾਇਨਾਤ ਸਨ। ਡੀਸੀਪੀ ਦਫ਼ਤਰ ਤੋਂ ਸਿਰਫ਼ 50 ਮੀਟਰ ਦੀ ਦੂਰੀ ‘ਤੇ ਨਵੇਂ ਦਫ਼ਤਰ ਪੁੱਜੇ ਅੰਕੁਰ ਗੁਪਤਾ ਕਾਫ਼ੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆਏ। ਉਨ੍ਹਾਂ ਆਪਣੇ ਅਧੀਨ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਜਲੰਧਰ ਦਿਹਾਤੀ ਖੇਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਕਿਹਾ ਚੋਣਾਂ ਦੌਰਾਨ ਦਿਹਾਤੀ ਖੇਤਰ ‘ਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਨਾਲ-ਨਾਲ ਨਸ਼ਾ ਤਸਕਰੀ ਤੇ ਮੁਲਜ਼ਮਾਂ ਨੂੰ ਨੱਥ ਪਾਉਣਾ ਪਹਿਲ ਹੈ। ਨਸ਼ੇ ਕਾਰਨ ਜੋ ਇਲਾਕੇ ਬਦਨਾਮ ਹੋ ਚੁੱਕੇ ਹਨ ਤੇ ਪੁਲਿਸ ਲਈ ਹਾਟ ਸਪਾਟ ਬਣੇ ਹੋਏ ਹਨ, ਉੱਥੇ ਨਸ਼ਾ ਰੋਕਣ ਲਈ ਡੋ੍ਨ ਤਾਇਨਾਤ ਕੀਤੇ ਜਾਣਗੇ। ਡਰੋਨ ਪਹਿਲਾਂ ਹੀ ਕਈ ਜ਼ਿਲਿ੍ਹਆਂ ‘ਚ ਤਾਇਨਾਤ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ ਦੇ ਨਤੀਜੇ ਵੀ ਚੰਗੇ ਆ ਰਹੇ ਹਨ। ਜਿੱਥੇ ਵੀ ਡਰੋਨ ਤੋਂ ਸੂਚਨਾ ਮਿਲੀ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਪੇਂਡੂ ਖੇਤਰਾਂ ‘ਚ ਪਹਿਲਾਂ ਤੋਂ ਤਾਇਨਾਤ ਪੁਲਿਸ ਅਧਿਕਾਰੀਆਂ ਦੇ ਤਜਰਬੇ ਦੀ ਵਰਤੋਂ ਕੀਤੀ ਜਾਵੇਗੀ। ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ‘ਚੋਂਂ ਲਾਹਨ ਕੱਢਣ ਵਾਲਿਆਂ ਵਿਰੁੱਧ ਕਾਰਵਾਈ ਲਈ ਆਬਕਾਰੀ ਵਿਭਾਗ ਨਾਲ ਤਾਲਮੇਲ ਵਧਾਉਣਗੇ। ਦਿਹਾਤੀ ਖੇਤਰਾਂ ‘ਚ ਸਰਗਰਮ ਅਨਸਰਾਂ ਨਾਲ ਨਜਿੱਠਣ ਲਈ ਅੰਕੁਰ ਗੁਪਤਾ ਨੇ ਕਿਹਾ ਕਿ ਦੋ ਹਜ਼ਾਰ ਦੇ ਕਰੀਬ ਸ਼ਰਾਰਤੀ ਅਨਸਰ ਭਗੌੜੇ ਹਨ।
ਜਿਨ੍ਹਾਂ ਨੂੰ ਵੱਖ-ਵੱਖ ਕੈਟੇਗਿਰੀਆਂ ‘ਚ ਵੰਡ ਕੇ ਅਦਾਲਤ ਦੀ ਮਦਦ ਨਾਲ ਫੜਿਆ ਜਾਵੇਗਾ। ਜ਼ਿਆਦਾਤਰ ਭਗੌੜੇ ਸੂਬੇ ਤੋਂ ਬਾਹਰ ਦੇ ਹਨ। ਸਾਰਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸੂਚਨਾ ਪ੍ਰਣਾਲੀ ‘ਚ ਸ਼ਾਮਲ ਮੁਲਜ਼ਮਾਂ ਨੂੰ ਫੜਨ ਲਈ ਸੂਚਨਾ ਤੰਤਰ ਨੂੰ ਤੇਜ਼ ਕੀਤਾ ਜਾਵੇਗਾ ਤੇ ਨਵੀਨਤਮ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ‘ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਅਗਲੇ ਦਿਨਾਂ ‘ਚ ਸਮੂਹ ਅਧਿਕਾਰੀਆਂ ਦੀ ਮੀਟਿੰਗ ਕਰਕੇ ਚੋਣਾਂ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਕਿਹਾ ਜਾਵੇਗਾ। ਜ਼ਿਲ੍ਹੇ ‘ਚ ਵਿਸ਼ੇਸ਼ ਨਾਕਿਆਂ ਤੋਂ ਇਲਾਵਾ ਪੁਲਿਸ ਦੀ ਗਸ਼ਤ ਵਧਾਈ ਜਾ ਰਹੀ ਹੈ। ਚੋਣਾਂ ‘ਚ ਨਵੀਂ ਜ਼ਿੰਮੇਵਾਰੀ ਮਿਲਣ ‘ਤੇ ਐੱਸਐੱਸਪੀ ਨੇ ਕਿਹਾ ਕਿ ਚੁਣੌਤੀਆਂ ਤਾਂ ਹੁੰਦੀਆਂ ਹਨ ਪਰ ਟੀਮ ਵਰਕ ਤੇ ਸੁਚੱਜੇ ਢੰਗ ਨਾਲ ਕੰਮ ਕਰਨ ਨਾਲ ਕੁਝ ਵੀ ਸੰਭਵ ਹੋ ਸਕਦਾ ਹੈ।