
ਜਲੰਧਰ ਥਾਣਾ ਮਕਸੂਦਾਂ ਵਿਚ ਉੱਘੇ ਅਕਾਲੀ ਆਗੂ ਐੱਚਐੱਸ ਵਾਲੀਆ, ਕੌਂਸਲਰ ਨਿਰਮਲ ਸਿੰਘ ਨਿੰਮਾ ਸਮੇਤ ਚਾਰ ਜਣਿਆਂ ਖ਼ਿਲਾਫ ਨੌਜਵਾਨ ਨੂੰ ਬੰਧਕ ਬਣਾ ਕੇ ਵਿਵਾਦਿਤ ਜਾਇਦਾਦ ‘ਤੇ ਕਬਜ਼ਾ ਕਰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਸਿਲਸਿਲੇ ਵਿਚ 2 ਹੋਰ ਮਸ਼ਹੂਰ ਚਿਹਰਿਆਂ ਨੂੰ ਨਾਮਜ਼ਦ ਕਰਨ ਦੀ ਚਰਚਾ ਹੋ ਰਹੀ ਹੈ। ਪਿੰਡ ਕੋਟਲਾ ਦੇ ਵਾਸੀ ਹਰਵਿੰਦਰ ਸਿੰਘ ਉਰਫ਼ ਸੋਨੂੰ ਨੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਾਦਾ ਸਰਵਣ ਸਿੰਘ ਨੇ ਸੰਨ 1962 ਵਿਚ ਪਿੰਡ ਕੋਟਲਾ ਵਿਚ ਹੀ 26 ਕਨਾਲ ਜ਼ਮੀਨ ਇਕਰਾਰਨਾਮਾ ਕਰਕੇ ਖ਼ਰੀਦੀ ਸੀ।
ਉਸ ਦੇ ਪਿਤਾ ਨੇ ਤਾਇਆ ਸੁਰਿੰਦਰ ਸਿੰਘ ਅਤੇ ਭੂਆ ਨਾਲ ਮਿਲ ਕੇ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਅਦਾਲਤ ਵਿਚ ਕੇਸ ਕੀਤਾ ਸੀ। ਸੰਨ 2015 ‘ਚ ਪਿਤਾ ਦੀ ਮੌਤ ਤੋਂ ਬਾਅਦ ਉਸ ਨੇ ਉਸ ਜ਼ਮੀਨ ‘ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਹਰਵਿੰਦਰ ਸਿੰਘ ਉਰਫ਼ ਸੋਨੂੰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਪਹਿਲਾਂ ਜਦੋਂ ਉਸ ਦਾ ਪਿਤਾ ਬਿਮਾਰ ਸੀ ਤਾਂ ਉਹ ਅਦਾਲਤ ਵਿਚ ਨਹੀਂ ਜਾ ਸਕਦਾ ਸੀ। ਇਸ ਕਾਰਨ ਅਦਾਲਤ ਨੇ ਤਾਇਆ ਸੁਰਿੰਦਰ ਸਿੰਘ ਅਤੇ ਉਸ ਦੀ ਭੂਆ ਦੇ ਨਾਂ ‘ਤੇ 26 ਕਨਾਲਾਂ ਤੋਂ 13 ਕਨਾਲਾਂ ਜ਼ਮੀਨ ਦੀ ਡਿਗਰੀ ਦਿੱਤੀ ਸੀ, ਜਦਕਿ ਬਾਕੀ 13 ਕਨਾਲ ਜ਼ਮੀਨ ਸਰਕਾਰੀ ਐਲਾਨੀ ਗਈ ਸੀ। ਇਸ ਫੈਸਲੇ ਤੋਂ ਬਾਅਦ ਉਸ ਨੇ ਹਾਈ ਕੋਰਟ ਦੀ ਸ਼ਰਨ ਲਈ ਤੇ ਅਦਾਲਤੀ ਹੁਕਮ ਆਇਆ ਤਾਂ ਉਸ ਦਾ ਹੀ ਜ਼ਮੀਨ ‘ਤੇ ਕਬਜ਼ਾ ਸੀ। ਹਾਈ ਕੋਰਟ ਵਿਚ ਤਰੀਕ ਅਕਤੂਬਰ 2022 ਹੈ। ਉਸ ਨੇ ਦੋਸ਼ ਲਾਏ ਕਿ 7 ਅਗਸਤ ਨੂੰ ਜਦੋਂ ਉਹ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਸ ਦਾ ਛੋਟਾ ਭਰਾ ਮੋਟਰ ‘ਤੇ ਸੀ ਤਾਂ ਨਕਾਬਪੋਸ਼ ਵਿਅਕਤੀ ਐਕਟਿਵਾ ‘ਤੇ ਆਏ, ਜਿਸ ਨੇ ਉਸ ਦੇ ਭਰਾ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਅਤੇ ਬਾਅਦ ‘ਚ ਟਰੈਕਟਰਾਂ ਤੇ ਹੋਰ ਵਾਹਨਾਂ ‘ਤੇ ਸਵਾਰ 7-8 ਵਿਅਕਤੀਆਂ ਨੇ ਉਸ ਦੀ ਬੀਜੀ ਹੋਈ ਫਸਲ ਤਬਾਹ ਕਰ ਦਿੱਤੀ ਤੇ ਬਾਅਦ ਵਿਚ ਉੱਥੇ 8 ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਚੋਰੀ ਕਰ ਲਏ।
ਉਸ ਦਾ ਕਹਿਣਾ ਹੈ ਕਿ ਬਾਅਦ ਵਿਚ ਉਸ ਦੇ ਭਰਾ ਨੇ ਦੇਖਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਸੁਰਿੰਦਰ ਸਿੰਘ ਵਾਸੀ ਪਿੰਡ ਕੋਟਲਾ, ਕੌਂਸਲਰ ਨਿਰਮਲ ਸਿੰਘ ਨਿੰਮਾ ਪੁੱਤਰ ਜਸਵੀਰ ਸਿੰਘ ਵਾਸੀ ਬਲਦੇਵ ਨਗਰ, ਸਤਪਾਲ ਸ਼ਰਮਾ ਪੁੱਤਰ ਚਮਨ ਲਾਲ ਵਾਸੀ ਪਿ੍ਰਥਵੀ ਨਗਰ ਅਤੇ ਅਕਾਲੀ ਆਗੂ ਐੱਚਐੱਸ ਵਾਲੀਆ (ਕਾਰ ਬਾਜ਼ਾਰ ਵਾਲਾ) ਖੜ੍ਹੇ ਸੀ, ਜਿਨ੍ਹਾਂ ਨੇ ਉਸ ਦੇ ਭਰਾ ਨੂੰ ਕੁੱਟਮਾਰ ਕਰਨ ਦੀ ਧਮਕੀ ਦਿੱਤੀ ਅਤੇ ਫਿਰ ਉਥੋਂ ਚਲੇ ਗਏ।
ਇਸ ਸਬੰਧੀ ਜਦੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਥਾਣਾ ਮਕਸੂਦਾਂ ਦੀ ਪੁਲਿਸ ਨੇ ਸੁਰਿੰਦਰ ਸਿੰਘ, ਕੌਂਸਲਰ ਨਿਰਮਲ ਸਿੰਘ ਨਿੰਮਾ, ਅਕਾਲੀ ਆਗੂ ਐੱਚਐੱਸ ਵਾਲੀਆ ਅਤੇ ਸਤਪਾਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।