ਪੰਜਾਬ ਪੁਲਿਸ ਨੇ 7 ਦਸੰਬਰ, 2022 ਨੂੰ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਮਨਦੀਪ ਸਿੰਘ ਦੇ ਦੋਹਰੇ ਕਤਲ ਕਾਂਡ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ। ਇਸ ਕਤਲ ਕਾਂਡ ਦਾ ਮਾਸਟਰਮਾਈਂਡ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ਼ ਅਮਨ ਹੈ ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਪਿੰਡ ਨੰਗਲਾ, ਤਲਵੰਡੀ ਸਾਬੋ, ਬਠਿੰਡਾ ਦੇ ਖੁਸ਼ਕਰਨ ਸਿੰਘ ਉਰਫ਼ ਫ਼ੌਜੀ; ਬਠਿੰਡਾ ਦੇ ਵੇਹਣ ਦੀਵਾਨ ਦੇ ਕਮਲਦੀਪ ਸਿੰਘ ਉਰਫ਼ ਦੀਪ; ਅਤੇ ਪਿੰਡ ਜੱਸੀ ਪੌਅ ਵਾਲੀ, ਬਠਿੰਡਾ ਦੇ ਮੰਗਾ ਸਿੰਘ ਉਰਫ਼ ਗੀਤਾ ਉਰਫ ਬਿੱਛੂ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਪਾਸੋਂ ਵਾਰਦਾਤ ‘ਚ ਵਰਤਿਆ ਗਿਆ .30 ਬੋਰ ਦਾ ਪਿਸਤੌਲ ਅਤੇ ਰੇਕੀ ਕਰਨ ਲਈ ਵਰਤੀ ਗਈ ਸਫਾਰੀ ਕਾਰ ਵੀ ਬਰਾਮਦ ਕੀਤੀ ਹੈ।