
ਜਲੰਧਰ ‘ਚ ਕੇਕ ‘ਚੋਂ ਵੱਡੇ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਸ਼ਹਿਰ ਦੇ ਗੁਰੂਨਾਨਕ ਚੌਕ ਨੇੜੇ ਇਕ ਮਸ਼ਹੂਰ ਰੈਸਟੋਰੈਂਟ ਤੋਂ ਖਰੀਦੇ ਕੇਕ ਵਿਚ ਕਾਕਰੋਚ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਉਹ ਖਾਣ-ਪੀਣ ਦੀਆਂ ਵਸਤੂਆਂ ਦੀ ਕਿੰਨੀ ਕੁ ਜਾਂਚ ਕਰ ਰਿਹਾ ਹੈ।
ਰੈਸਟੋਰੈਂਟ ਵਿੱਚ ਜ਼ਿਲ੍ਹਾ ਨਵਾਂਸ਼ਹਿਰ ਤੋਂ ਨੌਜਵਾਨ ਕੇਕ ਖਰੀਦਣ ਪਹੁੰਚੇ ਹੋਏ ਸਨ। ਜਦੋਂ ਮੁੰਡਿਆਂ ਨੇ ਕੇਕ ਖਰੀਦਿਆ ਅਤੇ ਇਸ ਨੂੰ ਚੈੱਕ ਕਰਨ ਲਈ ਬਾਕਸ ਖੋਲ੍ਹਿਆ ਤਾਂ ਉਨ੍ਹਾਂ ਨੇ ਕੇਕ ਵਿੱਚ ਕੁਝ ਹਲਚਲ ਵੇਖੀ। ਧਿਆਨ ਨਾਲ ਦੇਖਿਆ ਤਾਂ ਕੇਕ ਵਿੱਚੋਂ ਕਾਕਰੋਚ ਨਿਕਲ ਰਿਹਾ ਸੀ। ਨੌਜਵਾਨਾਂ ਨੇ ਉਸੇ ਵੇਲੇ ਆਪਣੇ ਮੋਬਾਈਲ ਫੋਨ ਤੋਂ ਕੇਕ ਵਿੱਚੋਂ ਕਾਕਰੋਚ ਨਿਕਲਣ ਦੀ ਵੀਡੀਓ ਬਣਾ ਲਈ।

ਇਸ ਤੋਂ ਬਾਅਦ ਨੌਜਵਾਨ ਦੁਬਾਰਾ ਰੈਸਟੋਰੈਂਟ ਵਿੱਚ ਆ ਗਿਆ। ਉਸ ਨੇ ਰੈਸਟੋਰੈਂਟ ਦੇ ਮਾਲਕ ਨੂੰ ਸਾਰੀ ਗੱਲ ਬਾਰੇ ਦੱਸਿਆ। ਪਰ ਪਹਿਲਾਂ ਤਾਂ ਰੈਸਟੋਰੈਂਟ ਦੇ ਮਾਲਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸਨ ਕਿ ਉਨ੍ਹਾਂ ਦੇ ਕੇਕ ‘ਚ ਕਾਕਰੋਚ ਨਿਕਲਿਆ ਹੈ। ਜਦੋਂ ਨੌਜਵਾਨਾਂ ਨੇ ਉਸ ਨੂੰ ਵੀਡੀਓ ਦਿਖਾਈ ਤਾਂ ਸਾਰੀ ਹਵਾ ਨਿਕਲ ਗਈ। ਫਿਰ ਉਸ ਨੇ ਨੌਜਵਾਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੰਦੇ ਹਨ।
ਰੈਸਟੋਰੈਂਟ ਦੇ ਕੇਕ ‘ਚੋਂ ਕਾਕਰੋਚ ਮਿਲਣ ਦੀ ਸੂਚਨਾ ਮਿਲਦਿਆਂ ਹੀ ਦੇਰ ਸ਼ਾਮ ਸਿਹਤ ਵਿਭਾਗ ਦੀ ਟੀਮ ਵੀ ਰੈਸਟੋਰੈਂਟ ‘ਚ ਪਹੁੰਚ ਗਈ। ਵਿਭਾਗ ਦੇ ਅਧਿਕਾਰੀਆਂ ਨੇ ਰੈਸਟੋਰੈਂਟ ਵਿੱਚ ਪਹੁੰਚ ਕੇ ਖਾਣ-ਪੀਣ ਦੇ ਸੈਂਪਲ ਲਏ। ਵਿਭਾਗ ਦੇ ਅਧਿਕਾਰੀਆਂ ਨੇ ਕੇਕ ਦੇ ਸੈਂਪਲ ਵੀ ਲਏ ਹਨ, ਜਿਸ ਵਿੱਚ ਕਾਕਰੋਚ ਪਾਏ ਜਾਣ ਦੀ ਸੂਚਨਾ ਮਿਲੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲਾਂ ਨੂੰ ਸੀਲ ਕਰਕੇ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਜੇ ਸੈਂਪਲ ਵਿੱਚ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਰੈਸਟੋਰੈਂਟ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।