ਜਲੰਧਰ ਦੇ ਮੁੰਡੇ ਦਾ ਦੁਬਈ ‘ਚ ਤੇਜ਼ਧਾਰ ਹਥਿਆਰਾਂ ਨਾਲ ਕਤਲ, ਕਾਤਲ ਗ੍ਰਿਫ਼ਤਾਰ
A boy from Jalandhar was killed in Dubai with sharp weapons, the killer was arrested
ਜਲੰਧਰ ਦੇ ਪਿੰਡ ਜਮਸ਼ੇਰ ਖਾਸ ਦੇ 34 ਸਾਲਾ ਨੌਜਵਾਨ ਦਾ ਦੁਬਈ ‘ਚ ਕਤਲ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪੰਕਜ ਡੌਲ ਪੁੱਤਰ ਬਲਵੀਰ ਵਾਸੀ ਜਲੰਧਰ ਕੈਂਟ ਦੇ ਨਾਲ ਲੱਗਦੇ ਪਿੰਡ ਜਮਸ਼ੇਰ ਖਾਸ ਦੀ ਪੱਤੀ ਸੇਖੋਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪੰਕਜ ਡੌਲ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕੁਝ ਪਗੜੀਧਾਰੀ ਨੌਜਵਾਨਾਂ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ ਤੇ ਵੇਖਦੇ ਹੀ ਵੇਖਦੇ ਮਾਮਲਾ ਇੰਨਾ ਵੱਧ ਗਿਆ ਕਿ ਉਨ੍ਹਾਂ ਪੰਕਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਤੇ ਖ਼ੂਨ ਨਾਲ ਲੱਥਪੱਥ ਪੰਕਜ ਘਟਨਾ ਵਾਲੀ ਥਾਂ ‘ਤੇ ਦਰਦ ਨਾਲ ਚੀਕਦਾ ਰਿਹਾ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਪਿੱਛੇ ਆ ਰਹੇ ਪੰਕਜ ਦੇ ਦੋਸਤਾਂ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੋਂ ਭੱਜ ਗਏ ਜਿਸ ਤੋਂ ਬਾਅਦ ਅਲਕੋਜ਼ ਸਿਟੀ ਪੁਲਿਸ ਜਾਂਚ ਲਈ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਤੁਰੰਤ ਲਾਸ਼ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਬਾਅਦ ਪੁਲਿਸ ਨੇ ਉਕਤ ਕਾਤਲਾਂ ਨੂੰ ਸ਼ਹਿਰ ‘ਚੋਂ ਗ੍ਰਿਫ਼ਤਾਰ ਕਰ ਲਿਆ।