ਕੇਬਲ ਤੇ ਮੀਡੀਆ ਬਿਜ਼ਨਸ ਨਾਲ ਜੁੜੇ ਸ਼ੀਤਲ ਵਿਜ ਦੇ ਘਰ ਤੇ ਦਫਤਰਾਂ ‘ਚ ਜਾਂਚ ਸ਼ੁਰੂ
ਜਲੰਧਰ ਸ਼ਹਿਰ ਦੇ ਕਈ ਵੱਡੇ ਵਪਾਰੀਆਂ ‘ਤੇ ਇਨਕਮ ਟੈਕਸ ਦੀ ਰੇਡ ਪਿਛਲੇ 30 ਘੰਟਿਆਂ ਤੋਂ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿਵੀਰਵਾਰ ਸਵੇਰੇ 5 ਵਜੇ ਸ਼ੁਰੂ ਹੋਈ ਜਾਂਚ ਸ਼ੁੱਕਰਵਾਰ ਰਾਤ 10 ਵਜੇ ਤੱਕ ਵੀ ਜਾਰੀ ਸੀ। ਸ਼ਹਿਰ ਦੇ ਕਾਰੋਬਾਰੀਆਂ ‘ਤੇ ਇਨਕਮ ਟੈਕਸ ਦੀ ਵੱਡੀ ਰੇਡ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਵੀਰਵਾਰ ਤੜਕੇ ਕਈ ਸੂਬਿਆਂ ਦੀਆਂ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਟੀਮਾਂ ਨੇ ਕੇਬਲ ਤੇ ਮੀਡੀਆ ਬਿਜ਼ਨਸ ਨਾਲ ਜੁੜੇ ਸ਼ੀਤਲ ਵਿਜ ਦੇ ਘਰ ਤੇ ਦਫਤਰਾਂ ‘ਚ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਨਾਲ ਹੀ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ (ਚੰਦਰ) ਦੇ ਘਰ ਵੀ ਟੀਮਾਂ ਪਹੁੰਚੀਆਂ ਅਤੇ ਜਾਂਚ ਸ਼ੁਰੂ ਹੋ ਗਈ।
ਰੇਡ ਦੀ ਅਗਵਾਈ ਲੁਧਿਆਣਾ ਦੀ ਆਈਟੀ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਕਈ ਸੂਬਿਆਂ ਦੀਆਂ ਟੀਮਾਂ ਮੌਜੂਦ ਸਨ। ਇਨਕਮ ਟੈਕਸ ਦੀਆਂ ਟੀਮਾਂ ਪੰਜਾਬ ਪੁਲਿਸ ਦੀ ਥਾਂ ਸੀਆਰਪੀਐਫ ਦੀਆਂ ਟੀਮਾਂ ਨਾਲ ਪਹੁੰਚੀਆਂ।
ਕਾਰੋਬਾਰੀ ਚੰਦਰਸ਼ੇਖਰ ਅੱਗਰਵਾਲ ਦੇ ਭਗਵਾਨ ਵਾਲਮੀਕਿ ਚੌਕ ਸਥਿਤ ਮਲਿਕ ਮਿਡਾਸ ਕਾਰਪੋਰੇਟ ਬਿਲਡਿੰਗ ਅਤੇ ਜੀਟੀਬੀ ਨਗਰ ਦੀ ਕੋਠੀ ਨੰਬਰ 362 ‘ਚ ਰੇਡ ਕੀਤੀ ਗਈ। ਟੀਮਾਂ ਜਦੋਂ ਘਰ ਰੇਡ ਕਰਨ ਪਹੁੰਚੀਆਂ ਤਾਂ ਸਿਕਓਰਿਟੀ ਗਾਰਡ ਦਰਵਾਜਾ ਅੰਦਰੋਂ ਲਾਕ ਕਰਕੇ ਅੰਦਰ ਭੱਜ ਗਿਆ। ਇਸ ਤੋਂ ਬਾਅਦ ਸੀਆਰਪੀਐਫ ਦੇ ਜਵਾਨ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਗੇਟ ਖੋਲ੍ਹਿਆ। ਫਿਰ ਟੀਮ ਅੰਦਰ ਜਾ ਸਕੀ।
ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਰੇਡ ਦੇ ਕਈ ਵੱਡੇ ਕਾਰਨ ਹੋ ਸਕਦੇ ਹਨ।