
ਸੀਨੀਅਰ ਪੱਤਰਕਾਰ ਅਤੇ ਕੁਦਰਤੀ ਖੇਤੀ ਨੂੰ ਸਮਰਪਿਤ ਰਹੇ ਝਰਮਲ ਸਿੰਘ ਨਹੀਂ ਰਹੇ। ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ,ਜਿਸ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਮੂਲ ਤੌਰ ’ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਦੇ ਜੰਮਪਲ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਵਿਖੇ ਹੀ ਰਹਿ ਰਹੇ ਸਨ। ਉਹ ‘ਅਡਵਾਈਜ਼ਰ’ ਰਸਾਲੇ ਦੇ ਮੁੱਖ ਸੰਪਾਦਕ ਸਨ, ਜਿਸ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਖੇਤੀ ਸਾਹਿਤ ’ਚ ਮਹੱਤਵਪੂਰਨ ਯੋਗਦਾਨ ਪਾਇਆ। ਹਾਲੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਕਿਤਾਬ ਉੱਘੇ ਸਨਅਤਕਾਰ ਰਤਨ ਟਾਟਾ ਨੇ ਲੋਕ ਅਰਪਣ ਕੀਤੀ ਸੀ। ਉਹ ਜ਼ਹਿਰ ਮੁਕਤ ਖੇਤੀ ਲਈ ਕਿਸਾਨ ਭਰਾਵਾਂ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਸਨ। ‘ਦੇਸੀ ਹੱਟੀ’ ਰਾਹੀਂ ਉਨ੍ਹਾਂ ਨੇ ਆਰਗੈਨਿਕ ਉਤਪਾਦ ਤਿਆਰ ਕੀਤੇ। ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਭਰਾ ਦੇ ਵਿਦੇਸ਼ੋਂ ਪਰਤਣ ਉਪਰੰਤ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਮੀਡੀਆ ਕਲੱਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਚੇਅਰਮੈਨ ਅਮਨਦੀਪ ਮਹਿਰਾ ਨੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਪਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ।