
ਤਿੰਨ ਕਾਲੋਨੀਆਂ ਦੀਆਂ ਅਬਾਦੀਆਂ ਗੁਰੂ ਨਾਨਕ ਨਗਰ, ਰਤਨ ਨਗਰ ਅਤੇ ਕਬੀਰ ਨਗਰ ਦੇ ਲੋਕਾਂ ਨੇ ਨਗਰ ਨਿਗਮ ਦਫਤਰ ਵਿਖੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੀ ਅਗਵਾਈ ‘ਚ ਖਾਲੀ ਬਾਲਟੀਆਂ ਨਾਲ ਧਰਨਾ ਲਾ ਦਿੱਤਾ ਅਤੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਕਤ ਕਾਲੋਨੀਆਂ ਵੈਸਟ ਹਲਕੇ ਨਾਲ ਸਬੰਧਤ ਹਨ ਜਿਥੇ ਟਿਊਬਵੈੱਲ ਦੀ ਮੋਟਰ ਖਰਾਬ ਹੋਣ ਕਾਰਨ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਲੋਕਾਂ ਨੇ ਸੁਣਵਾਈ ਨਾ ਹੋਣ ‘ਤੇ ਮਜਬੂਰ ਹੋ ਕੇ ਵੀਰਵਾਰ ਨੂੰ ਨਗਰ ਨਿਗਮ ਦਫਤਰ ਵਿਖੇ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਦੀ ਅਗਵਾਈ ‘ਚ ਧਰਨਾ ਲਾ ਦਿੱਤਾ। ਇਸ ਦੌਰਾਨ ਮਰਦ ਤੇ ਅੌਰਤਾਂ ਨੂੰ ਪੁਲਿਸ ਦੀ ਧੱਕਾਮੁੱਕੀ ਦਾ ਸ਼ਿਕਾਰ ਵੀ ਹੋਣਾ ਪਿਆ ਤੇ ਮਾਹੌਲ ਵੀ ਖਰਾਬ ਹੋ ਗਿਆ। ਜਦੋਂ ਧਰਨਾਕਾਰੀ ਖਾਲੀ ਬਾਲਟੀਆਂ ਸਮੇਤ ਨਿਗਮ ਦਫਤਰ ਦੀ ਪਹਿਲੀ ਮੰਜ਼ਿਲ ‘ਤੇ ਜਾਣ ਲੱਗੇ ਤਾਂ ਉਥੇ ਪਹਿਲਾਂ ਤੋਂ ਮੌਜੂਦ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਪਹਿਲੀ ਮੰਜ਼ਿਲ ‘ਤੇ ਨਹੀਂ ਜਾਣ ਦਿੱਤਾ।
ਉਕਤ ਹਾਲਾਤ ਨੂੰ ਦੇਖਦੇ ਹੋਏ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਪੁਨੀਤ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨੂੰ ਖ਼ੁਦ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਬਾਹਰ ਆਉਣਾ ਪਿਆ ਪਰ ਲੋਕ ਸਹਾਇਕ ਕਮਿਸ਼ਨਰ ਦੇ ਕਿਸੇ ਵੀ ਭਰੋਸੇ ਤੇ ਯਕੀਨ ਕਰਨ ਲਈ ਤਿਆਰ ਨਹੀਂ ਹੋਏ ਅਤੇ ਉਹ ਪ੍ਰਭਾਵਿਤ ਕਲੋਨੀਆਂ ਤੇ ਪਾਣੀ ਦੀ ਕਿਲੱਤ ਦਾ ਮੌਕਾ ਦੇਖਣ ਲਈ ਮੰਨੇ ਤੇ ਧਰਨਾਕਾਰੀ ਸ਼ਾਂਤ ਹੋਏ।
ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੇ ਕੰਮ ‘ਚ ਕੁਤਾਹੀ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ, ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ