
ਜਲੰਧਰ-ਪਠਾਨਕੋਟ ਮੁੱਖ ਰਸਤੇ ‘ਤੇ ਅੱਜ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ 1 ਵਿਦਿਆਰਥੀ ਦੀ ਮੌਤ ਹੋ ਗਈ ਤੇ 1 ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਮੁਕੇਰੀਆਂ ਦੇ ਮਾਤਾ ਰਾਣੀ ਚੌਕ ‘ਚ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰ ਦਿੱਤੀ, ਜਿਸ ਨਾਲ ਭਿਆਨਕ ਹਾਦਸਾ ਵਾਪਰ ਗਿਆ।
ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਤੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਅਲੋਕ ਸਿੰਘ ਵਜੋਂ ਹੋਈ ਹੈ ਜਦੋਂਕਿ ਉਸਦਾ ਦੋਸਤ ਸੁਸ਼ਾਂਤ ਕੁਮਾਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ।
ਅੱਜ ਸਵੇਰੇ ਲਗਭਗ 6 ਵਜੇ ਅਲੋਕ ਸਿੰਘ ਪੁੱਤਰ ਸੰਦੀਪ ਸਿੰਘ ਤੇ ਉਸਦਾ ਦੋਸਤ ਦੋਵੇਂ ਪਿੰਡ ਸ਼ਾਗਲਾ ਥਾਣਾ ਮੁਕੇਰੀਆਂ ਘਰ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਟਿਊਸ਼ਨ ਪੜ੍ਹਨ ਲਈ ਜਾ ਰਹੇ ਸਨ। ਜਦੋਂ ਉਹ ਮਾਤਾ ਰਾਣੀ ਚੌਕ ਮੁਕੇਰੀਆਂ ਪਹੁੰਚੇ ਤਾਂ ਜਲੰਧਰ ਦੀ ਸਾਈਡ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅਲੋਕ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।