ਜਲੰਧਰ ‘ਚ ਸੋਮਵਾਰ ਸਵੇਰੇ ਜਲੰਧਰ ਪੀਏਪੀ ‘ਚ ਤਾਇਨਾਤ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਬਸਤੀ ਬਾਵਾ ਖੇਲ ਨਹਿਰ ਨੇੜਿਓਂ ਮਿਲੀ। ਦੱਸ ਦੇਈਏ ਕਿ ਡੀਐਸਪੀ ਦਲਬੀਰ ਸਿੰਘ ਨੇ ਵੀ 16 ਦਸੰਬਰ ਦੀ ਰਾਤ ਨੂੰ ਮਕਸੂਦਾਂ ਦੇ ਪਿੰਡ ਮੰਡ ਵਿੱਚ ਪਿੰਡ ਵਾਸੀਆਂ ’ਤੇ ਗੋਲੀਆਂ ਚਲਾਈਆਂ ਸਨ। ਫਿਰ ਉਸ ਨੇ ਪਿੰਡ ਵਾਸੀਆਂ ਨਾਲ ਅਸਤੀਫਾ ਦੇ ਦਿੱਤਾ। ਮੂਲ ਰੂਪ ਵਿੱਚ ਕਪੂਰਥਲਾ ਦੇ ਪਿੰਡ ਖੋਜੇਵਾਲ ਦਾ ਰਹਿਣ ਵਾਲਾ ਦਲਬੀਰ ਸਿੰਘ ਦਿਓਲ ਪੀਏਪੀ ਟਰੇਨਿੰਗ ਸੈਂਟਰ ਵਿੱਚ ਤਾਇਨਾਤ ਸੀ।
ਜਲੰਧਰ ‘ਚ ਬਸਤੀ ਬਾਵਾ ਖੇਲ ਨਹਿਰ ਨੇੜਿਓਂ ਅਰਜੁਨ ਅਵਾਰਡੀ ਡੀਐੱਸਪੀ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ। ਮੁਢਲੀ ਜਾਂਚ ਦੌਰਾਨ ਪੁਲਿਸ ਨੂੰ ਲਾਸ਼ ਦੇ ਨੇੜਿਓਂ ਇਕ ਪਰਸ ਮਿਲਿਆ, ਜਿਸ ‘ਚ ਪੰਜਾਬ ਪੁਲਿਸ ਦੇ ਡੀਐੱਸਪੀ ਦਲਵੀਰ ਸਿੰਘ ਦਿਓਲ ਦਾ ਆਈ ਕਾਰਡ ਮਿਲਿਆ ਹੈ, ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਕੇ ਪੁਲਿਸ ਜਾਂਚ ‘ਚ ਜੁਟ ਗਈ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਨੁਸਾਰ ਦਲਵੀਰ ਸਿੰਘ ਨੂੰ ਐਤਵਾਰ ਰਾਤ ਉਨ੍ਹਾਂ ਦੇ ਜਾਣਕਾਰਾਂ ਵੱਲੋਂ ਉਤਾਰਨ ਤੋਂ ਬਾਅਦ ਇਕ ਵਾਹਨ ਨੇ ਟੱਕਰ ਮਾਰੀ ਹੈ। ਜਦਕਿ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਬੱਸ ਸਟੈਂਡ ਨੇੜੇ ਉਤਾਰਿਆ ਗਿਆ ਸੀ ਤੇ ਉਨ੍ਹਾਂ ਦੀ ਲਾਸ਼ ਬਸਤੀ ਬਾਵਾ ਖੇਲ ਨੇੜੇ ਮਿਲੀ।
ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਵਿਅਕਤੀਆਂ ਨੂੰ ਆਖਰੀ ਵਾਰ ਡੀਐਸਪੀ ਨਾਲ ਦੇਖਿਆ ਗਿਆ ਸੀ, ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਡੀਐਸਪੀ ਉਸ ਸਮੇਂ ਸੁਰਖੀਆਂ ‘ਚ ਆਇਆ ਸੀ ਜਦੋਂ 17 ਦਸੰਬਰ ਨੂੰ ਜਲੰਧਰ ਦੇ ਮੰਡ ਖੇਤਰ ਦੇ ਪਿੰਡ ਬਸਤੀ ਇਬਰਾਹੀਮ ਖਾਨ ‘ਚ ਲੋਕਾਂ ਨਾਲ ਝਗੜੇ ਦੌਰਾਨ ਬੰਦੂਕ ਤਾਣਦੇ ਹੋਏ ਉਸ ਦੀ ਵੀਡੀਓ ਵਾਇਰਲ ਹੋਈ ਸੀ।