JalandharPoliticsPunjab

ਜਲੰਧਰ ਲੋਕ ਸਭਾ ਸੀਟ ਲਈ ਕਾਂਗਰਸੀਆਂ ‘ਚ ਰੇੜਕਾ ਲਗਾ ਸਕਦੈ ਕਾਂਗਰਸ ਨੂੰ ਰਗੜਾ !

ਪੰਜਾਬ ਕਾਂਗਰਸ ਨੇ ਸਾਬਕਾ ਪ੍ਰਧਾਨ ਤੇ ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ‘ਚ ਜਲੰਧਰ ਤੋਂ ਹੀ ਚੋਣ ਲੜਣਗੇ। ਉਨ੍ਹਾਂ ਨੇ ਕਿਹਾ ਕਿ ਹਾਲੇ ਪਾਰਟੀ ਨੇ ਬਿਨੈ-ਪੱਤਰ ਨਹੀਂ ਮੰਗੇ ਹਨ ਪਰ ਜਦੋਂ ਮੰਗੇ ਜਾਣਗੇ ਤਾਂ ਉਨ੍ਹਾਂ ਦਾ ਦਾਅਵਾ ਜਲੰਧਰ ਲੋਕ ਸਭਾ ਸੀਟ ਦੀ ਟਿਕਟ ‘ਤੇ ਹੀ ਹੋਵੇਗਾ। ਕੇਪੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਹੋਰ ਸੀਟ ਤੋਂ ਚੋਣਾਂ ਲੜਣ ਦਾ ਕੋਈ ਇਰਾਦਾ ਨਹੀਂ ਹੈ ਤੇ ਸਿਰਫ ਜਲੰਧਰ ‘ਤੇ ਹੀ ਫੋਕਸ ਹੈ, ਜਿੱਥੇ ਹਰ ਵਾਰ ਚੋਣਾਂ ਲੜੀਆਂ ਹਨ। ਕੇਪੀ ਦੇ ਇਸ ਦਾਅਵੇ ਨਾਲ ਇਹ ਤੈਅ ਹੈ ਕਿ ਇਸ ਵਾਰ ਜਲੰਧਰ ਲੋਕ ਸਭਾ ਸੀਟ ਸਬੰਧੀ ਕਾਂਗਰਸ ‘ਚ ਰੇੜਕਾ ਕਾਫੀ ਰਹੇਗਾ। ਅਜਿਹੇ ‘ਚ ਅਸੰਤੁਸ਼ਟ ਆਗੂ ਸੀਟਾਂ ਨੂੰ ਲੈ ਕੇ ਹਾਈਕਮਾਂਡ ਨਾਲ ਸਮਝੌਤਾ ਕਰਨ ਦੀ ਕੋਸ਼ਸ਼ਿ ਕਰਨਗੇ।

ਕੇਪੀ ਦਾ ਅਸੰਤੁਸ਼ਟ ਧੜੇ ਨਾਲ ਚੱਲਣਾ, ਇਸੇ ਰਣਨੀਤੀ ਦਾ ਹਿੱਸਾ ਲੱਗ ਰਿਹਾ ਹੈ। ਹਾਲਾਂਕਿ ਇਸ ਨਾਲ ਜਲੰਧਰ ਕਾਂਗਰਸ ‘ਚ ਧੜੇਬੰਦੀ ਹੋਰ ਤੇਜ਼ ਹੋ ਸਕਦੀ ਹੈ ਤੇ ਕਾਂਗਰਸ ਲਈ ਆਪਣਾ ਗੜ੍ਹ ਜਿੱਤਣਾ ਅੌਖਾ ਸਾਬਤ ਹੋ ਸਕਦਾ ਹੈ।ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਗਠਿਤ ਸਕ੍ਰੀਨਿੰਗ ਕਮੇਟੀ ‘ਚ ਮਹਿੰਦਰ ਸਿੰਘ ਕੇਪੀ ਦਾ ਨਾਮ ਨਹੀਂ ਹੈ ਪਰ ਇਕ ਦਿਨ ਪਹਿਲਾ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤਿੰਨ ਹੋਰ ਸਾਬਕਾ ਪ੍ਰਧਾਨਾਂ ਨਾਲ ਮੀਟਿੰਗ ‘ਚ ਸ਼ਾਮਲ ਹੋ ਕੇ ਉਨ੍ਹਾਂ ਨੇ ਪਾਰਟੀ ਹਾਈ ਕਮਾਨ ‘ਤੇ ਸਿਆਸੀ ਦਬਾਅ ਬਣਾਉਣ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੇ ਬਰਾਬਰ ਕੰਮ ਕਰ ਰਹੇ ਹਨ ਤੇ ਇਸ ਨਾਲ ਕਾਂਗਰਸ ‘ਚ ਧੜੇਬੰਦੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵੀ ਇਸ ਨੂੰ ਕਾਬੂ ਕਰਨ ‘ਚ ਕਾਮਯਾਬ ਨਹੀਂ ਹੋ ਰਹੇ।

Back to top button