ਜਲੰਧਰ ਲੋਕ ਸਭਾ ਹਲਕੇ ਦਾ ਵਿਕਾਸ ਮੇਰੀ ਅਤੇ ਭਾਜਪਾ ਦੀ ਪਹਿਲੀ ਤਰਜੀਹ: ਇੰਦਰ ਇਕਬਾਲ ਸਿੰਘ ਅਟਵਾਲ
ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਲੰਧਰ ਤੇ ਪੰਜਾਬ ਦਾ ਕੀਤਾ ਨੁਕਸਾਨ : ਰਾਣਾ ਗੁਰਮੀਤ ਸੋਢੀ
ਜਲੰਧਰ, 29 ਅਪ੍ਰੈਲ ( SS Chahal ): ਭਾਰਤੀ ਜਨਤਾ ਪਾਰਟੀ ਗਠਬੰਧਨ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅੱਜ ਪਿੰਡ ਪਤਾਰਾ ਨੇੜੇ ਕਲਿਆਣਪੁਰ ਅਤੇ ਜਲੰਧਰ ਨੋਰਥ ਦਿਹਾਤੀ ਦੇ ਮੰਡਲ ਜੰਡੂ ਸਿੰਘਾ ਵਿਖੇ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਜਲੰਧਰ ਲੋਕ ਸਭਾ ਹਲਕੇ ਦਾ ਵਿਕਾਸ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਇਸ ਦਾ ਪ੍ਰਤੱਖ ਸਬੂਤ ਭਾਜਪਾ ਸ਼ਾਸਤ ਸੂਬੇ ਹਨ ਜੋ ਵਿਕਾਸ ਪੱਖੋਂ ਪੰਜਾਬ ਨਾਲੋਂ ਕਿਤੇ ਅੱਗੇ ਨਿਕਲ ਗਏ ਹਨ। ਉਨ੍ਹਾਂ ਜਲੰਧਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਜਲੰਧਰ ਲੋਕ ਸਭਾ ਹਲਕੇ ਦੇ ਲੋਕ ਉਨ੍ਹਾਂ ਨੂੰ ਮੌਕਾ ਦਿੰਦੇ ਹਨ ਤਾਂ ਉਹ ਪਿੰਡਾਂ ਅਤੇ ਸ਼ਹਿਰਾਂ ਦਾ ਬਰਾਬਰ ਵਿਕਾਸ ਕਰਵਾਉਣਗੇ। ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਪੱਕੀਆਂ ਕਰਵਾਉਣਾ, ਸੀਵਰੇਜ ਸਹੂਲਤ ਮੁਹੱਈਆ ਕਰਵਾਉਣਾ, ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਵਰਗ ਤੱਕ ਪਹੁੰਚਾਉਣਾ, ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਆਦਿ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਪਿੰਡਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੋਵੇਗੀ, ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ ਅਤੇ ਸ਼ਹਿਰ ਪਹਿਲਾਂ ਨਾਲੋਂ ਵੱਧ ਤਰੱਕੀ ਕਰ ਸਕਣ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਕਾਂਗਰਸੀ ਸੰਸਦ ਮੈਂਬਰ ਦਾ 9 ਸਾਲ ਦਾ ਕਾਰਜਕਾਲ ਦੇਖਿਆ ਹੈ ਅਤੇ ਇਸ ਦੌਰਾਨ ਨਾ ਤਾਂ ਪਿੰਡ ਤਰੱਕੀ ਕਰ ਸਕੇ ਅਤੇ ਨਾ ਹੀ ਸ਼ਹਿਰ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪਿਛਲੇ ਇੱਕ ਸਾਲ ਵਿੱਚ ਜਲੰਧਰ ਲੋਕ ਸਭਾ ਹਲਕੇ ਅਤੇ ਇੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਅਜਿਹੇ ‘ਚ ਹੁਣ ਜਲੰਧਰ ਦੇ ਲੋਕਾਂ ਕੋਲ 2024 ਦੀਆਂ ਲੋਕ ਸਭਾ ਚੋਣਾਂ ‘ਚ ਬਚੇ 9 ਮਹੀਨਿਆਂ ਦੇ ਬਾਕੀ ਸਮੇਂ ‘ਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਇਸ ਵਾਰ ਮੌਕਾ ਦੇਣ ਦਾ ਸੁਨਹਿਰੀ ਮੌਕਾ ਹੈ। ਤਾਂ ਜੋ ਇੰਦਰ ਅਟਵਾਲ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਜਲੰਧਰ ਲੋਕ ਸਭਾ ਹਲਕੇ ਲਈ ਸਾਰੀਆਂ ਸਹੂਲਤਾਂ ਲਈ ਫੰਡ ਲਿਆ ਸਕਣ, ਜੋ ਕਿ ਦੂਜੇ ਰਾਜਾਂ ਵਿੱਚ ਮਿਲਦੀਆਂ ਹਨ। ਇਸ ਮੌਕੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।