ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਬਣਨ ਤੋਂ ਬਾਅਦ ਪਹਿਲੀ ਵਾਰ ਆਈਪੀਐਸ ਗੌਰਵ ਯਾਦਵ ਜਲੰਧਰ ਪਹੁੰਚੇ ਹਨ। ਉਹ ਪੁਲਿਸ ਯਾਦਗਾਰੀ ਦਿਵਸ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਏ ਹਨ। ਉਨ੍ਹਾਂ ਸਵੇਰੇ ਪੀਏਪੀ ਵਿਖੇ ਪਾਸਿੰਗ ਆਊਟ ਪਰੇਡ ਦੀ ਸਲਾਮੀ ਲਈ। ਪੀਏਪੀ ਦੇ 200 ਕਾਂਸਟੇਬਲਾਂ ਦਾ ਨਵਾਂ ਬੈਚ ਸੇਵਾ ਵਿੱਚ ਸ਼ਾਮਲ ਹੋਵੇਗਾ। ਉਹ ਨਵੇਂ ਪੁਲਿਸ ਮੁਲਾਜ਼ਮਾਂ ਨੂੰ ਸਫ਼ਲਤਾ ਦਾ ਮੂਲ ਮੰਤਰ ਦੇਣ ਦੇ ਨਾਲ-ਨਾਲ ਆਪਣੀ ਜਾਨ ਕੁਰਬਾਨ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਨਮਾਨਿਤ ਕਰਨਗੇ |
ਪੀਏਪੀ ਦੀ ਪਾਸਿੰਗ ਆਊਟ ਪਰੇਡ ਮੌਕੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਐਸਐਸਪੀ ਸਵਪਨ ਸ਼ਰਮਾ, ਡੀਸੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਪੁਲਿਸ ਯਾਦਗਾਰੀ ਦਿਵਸ ‘ਤੇ ਪੰਜਾਬ ਪੁਲਿਸ ਦੇ 2 ਡੀਆਈਜੀ, 3 ਐਸਐਸਪੀ, 2 ਕਮਾਂਡੈਂਟ, 6 ਐਸਪੀ, 10 ਡੀਐਸਪੀ, 32 ਇੰਸਪੈਕਟਰ, 62 ਏਐਸਆਈ, 128 ਏਐਸਆਈ, 217 ਹੌਲਦਾਰ, 360 ਹੋਮਗਾਰਡ ਜਵਾਨਾਂ ਅਤੇ 184 ਐਸਪੀਓਜ਼ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇਗਾ।