
ਜਲੰਧਰ ਇੰਪਰੂਵਮੈਂਟ ਟਰੱਸਟ (ਜੇਆਈਟੀ) ਵੱਲੋਂ ਬੀਬੀ ਭਾਨੀ ਕੰਪਲੈਕਸ ਦੇ ਅਲਾਟੀਆਂ ਨੂੰ ਫਲੈਟਾਂ ਦਾ ਕਬਜ਼ਾ ਦੇਣ ਵਿੱਚ ਅਸਫ਼ਲ ਰਹਿਣ ’ਤੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਜੁਰਮਾਨਾ ਲਾਇਆ ਹੈ। ਕਮਿਸ਼ਨ ਨੇ ਟਰੱਸਟ ਨੂੰ ਅਲਾਟੀਆਂ ਦੇ ਪੈਸੇ 9 ਫੀਸਦੀ ਵਿਆਜ ਸਮੇਤ ਵਾਪਸ ਕਰਨ ਅਤੇ ਹਰੇਕ ਕੇਸ ਲਈ ਮੁਆਵਜ਼ੇ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 35,000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈੈ। ਇਹ ਰਾਸ਼ੀ ਕੁੱਲ ਮਿਲਾ ਕੇ 38 ਲੱਖ ਰੁਪਏ ਦੇ ਕਰੀਬ ਬਣਦੀ ਹੈ। ਸ਼ਿਕਾਇਤਕਰਤਾ ਪਰਮਦੀਪ ਕੌਰ, ਹਰਦੀਪ ਕੌਰ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ 2009 ਵਿੱਚ ਲੱਕੀ ਡਰਾਅ ਰਾਹੀਂ ਉਨ੍ਹਾਂ ਨੂੰ 51.5 ਏਕੜ ਬੀਬੀ ਭਾਨੀ ਕੰਪਲੈਕਸ, ਗੁਰੂ ਅਮਰਦਾਸ ਨਗਰ ਵਿੱਚ ਅਲਾਟ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜੇਆਈਟੀ ਨੇ ਪਹਿਲਾਂ ਕਿਸ਼ਤਾਂ ਵਿੱਚ ਪੂਰਾ ਭੁਗਤਾਨ ਕਰਨ ਲਈ ਕਿਹਾ ਅਤੇ 2012 ਵਿੱਚ ਕਬਜ਼ਾ ਦੇਣ ਦਾ ਭਰੋਸਾ ਦਿੱਤਾ।