
ਪੰਜਾਬ ਦੀਆਂ ਔਰਤਾਂ ਕਿਸੇ ਗੱਲੋਂ ਪਿੱਛੇ ਨਹੀਂ, ਇਸੇ ਕਾਰਨ ਉਨ੍ਹਾਂ ਨੇ ਰਾਜਨੀਤੀ ‘ਚ ਵੀ ਆਪਣੀ ਧੱਕ ਪਾਈ ਹੈ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦਿੱਗਜ ਲੀਡਰਾਂ ਬਾਰੇ ਦੱਸਾਂਗੇ ਜਿੰਨਾ ਨੇ ਰਾਜਨੀਤੀ ‘ਚ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ।ਇਹ ਵੀ ਜਾਣਗੇ ਕਿ ਸਭ ਤੋਂ ਅਮੀਰ ਮਹਿਲਾ ਸਿਆਸਤਦਾਨ ਕੌਣ ਹੈ ਅਤੇ ਕਿਸ ਦੇ ਕੀ ਸ਼ੌਂਕ ਹਨ? ਬੇਸ਼ੱਕ ਪੰਜਾਬ ‘ਚ ਮਹਿਲਾਵਾਂ ਦੀ ਸਿਆਸਤ ਵਿੱਚ ਸ਼ਮੂਲੀਅਤ ਹਾਲਾਂਕਿ ਪਹਿਲਾਂ ਤੋਂ ਹੀ ਘੱਟ ਰਹੀ ਹੈ। ਪੰਜਾਬ ‘ਚ ਪਹਿਲੀ ਵਾਰ 1996 ਦੇ ਅੰਦਰ ਰਜਿੰਦਰ ਕੌਰ ਭੱਠਲ ਵਜੋਂ ਮਹਿਲਾ ਮੁੱਖ ਮੰਤਰੀ ਪੰਜਾਬ ਨੂੰ ਮਿਲੀ ਹਾਲਾਂਕਿ ਸਾਲ 2007 ਦੇ ਦੌਰਾਨ ਤੱਕ ਉਹ ਉਪ ਮੁੱਖ ਮੰਤਰੀ ਵੀ ਰਹੇ ਪਰ ਪੰਜਾਬ ਦੀਆਂ ਹੋਰ ਵੀ ਕਈ ਅਜਿਹੀਆਂ ਮਹਿਲਾਵਾਂ ਨੇ ਜੋ ਸਿਆਸਤ ਦੇ ਵਿੱਚ ਕਾਫੀ ਸਰਗਰਮ ਰਹੀਆਂ ਜਿੰਨਾਂ ‘ਚ ਮਹਾਰਾਣੀ ਪਰਨੀਤ ਕੌਰ ਲਗਾਤਾਰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ। ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਜੋ ਕਿ ਚਾਰ ਵਾਰ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ। ਪੰਜਾਬ ਦੀ ਸਿਆਸਤ ਦੇ ਵਿੱਚ ਹਾਲਾਂਕਿ ਰਜਿੰਦਰ ਕੌਰ ਭੱਠਲ ਤੋਂ ਬਾਅਦ ਕੋਈ ਮਹਿਲਾ ਮੁੱਖ ਮੰਤਰੀ ਤਾਂ ਨਹੀਂ ਬਣੀ ਪਰ ਪਰਿਵਾਰ ਤੋਂ ਮਿਲੀ ਵਿਰਾਸਤੀ ਸਿਆਸਤ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਹੈ।

ਰਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੇ ਹਾਲਾਂਕਿ ਉਹਨਾਂ ਦਾ ਕਾਰਜਕਾਲ ਕਾਫੀ ਥੋੜਾ ਰਿਹਾ ਪਰ ਇਸ ਦੇ ਬਾਵਜੂਦ ਵੀ ਰਜਿੰਦਰ ਕੌਰ ਭੱਠਲ ਪੰਜਾਬ ਅਤੇ ਕਾਂਗਰਸ ਦੀ ਸਿਆਸਤ ‘ਚ ਅਹਿਮ ਸਥਾਨ ਰੱਖਦੇ ਹਨ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਾਰਨ ਰਜਿੰਦਰ ਭੱਠਲ ਵੱਲੋਂ ਸੰਗਰੂਰ ਦੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਗਈ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਕੁੱਲ ਜਾਇਦਾਦ 4 ਕਰੋੜ 25 ਲੱਖ ਰੁਪਏ ਦੇ ਕਰੀਬ ਦੱਸੀ ਸੀ ਅਤੇ 2020-21 ਦੇ ਦੌਰਾਨ ਉਹਨਾਂ ਵੱਲੋਂ ਲਗਭਗ 41 ਲੱਖ ਰੁਪਏ ਦੀ ਆਈਟੀਆਰ ਭਰੀ ਗਈ। ਰਜਿੰਦਰ ਕੌਰ ਭੱਠਲ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1971 ਦੇ ਅੰਦਰ ਗ੍ਰੈਜੂਏਸ਼ਨ ਕੀਤੀ ਗਈ। 30 ਸਤੰਬਰ 1945 ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਪੰਜਾਬ ਦੇ 14ਵੇਂ ਮੁੱਖ ਮੰਤਰੀ ਵਜੋਂ ਉਹਨਾਂ ਨੇ 1996 ਤੋਂ ਲੈ ਕੇ 1997 ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਇਲਾਵਾ 2004 ਤੋਂ ਲੈ ਕੇ 2007 ਦੇ ਕਾਂਗਰਸ ਦੇ ਕਾਰਜਕਾਲ ਦੇ ਦੌਰਾਨ ਉਹ ਉਪ ਮੁੱਖ ਮੰਤਰੀ ਰਹੇ। ਪੰਜਾਬ ਵਿੱਚ ਇੱਕਲੌਤੀ ਮਹਿਲਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਹਨ। ਰਜਿੰਦਰ ਕੌਰ ਭੱਠਲ ਨੇ ਉਸ ਵੇਲੇ ਵੀ ਕਾਫ਼ੀ ਸੁਰਖੀਆਂ ਬਟੋਰੀਆਂ ਜਦੋਂ ਸਾਲ 2022 ਵਿੱਚ ਉਹਨਾਂ ਨੂੰ ਸਰਕਾਰੀ ਕੋਠੀ ਖਾਲੀ ਕਰਨ ਸੰਬੰਧੀ ਨੋਟੀਫਿਕੇਸ਼ਨ ਭੇਜਿਆ ਗਿਆ। ਰਜਿੰਦਰ ਕੌਰ ਭੱਠਲ ਨੂੰ ਚੰਡੀਗੜ੍ਹ ਦੇ ਪ੍ਰਾਈਮ ਸੈਕਟਰ ਦੋ ਦੇ ਵਿੱਚ ਇਹ ਕੋਠੀ ਕੈਬਨਿਟ ਮੰਤਰੀ ਵਜੋਂ ਅਲਰਟ ਕੀਤੀ ਗਈ ਸੀ ਜੋ ਕਿ ਰਾਖਵੀਂ ਕੋਠੀ ਸੀ ਅਤੇ ਕੋਠੀ ਨਾ ਛੱਡਣ ਕਰਕੇ ਰਜਿੰਦਰ ਕੌਰ ਭੱਠਲ ਚਰਚਾ ‘ਚ ਰਹੇ।

ਪੰਜਾਬ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਭਾਜਪਾ ਰਹਿ ਚੁੱਕੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਵੀ ਸਿਆਸਤਦਾਨਾਂ ਦੇ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਨਾਮਜ਼ਦਗੀ ਵੇਲੇ ਦਿੱਤੇ ਗਏ ਹੈਲਫਨਾਮੇ ‘ਚ ਕੁਲ ਜਾਇਦਾਦ 8.08 ਕਰੋੜ ਰੁਪਏ ਦੱਸੀ ਸੀ। ਜਿਸ ਵਿੱਚੋਂ 4.23 ਕਰੋੜ ਰੁਪਏ ਚੱਲ ਜਾਇਦਾਦ ਅਤੇ 3.85 ਕਰੋੜ ਰੁਪਏ ਅਚਲ ਜਾਇਦਾਦ ਹੈ।ਉਨ੍ਹਾਂ ਆਪਣੇ ਪਤੀ ਦੀ ਜਾਇਦਾਦ 52.70 ਕਰੋੜ ਰੁਪਏ ਦੱਸੀ ਸੀ। ਇਸ ਤੋਂ ਇਲਾਵਾ ਮਹਾਰਾਣੀ ਪਰਨੀਤ ਕੌਰ ਨੂੰ ਗਹਿਿਣਆਂ ਦਾ ਵੀ ਕਾਫੀ ਸ਼ੌਂਕ ਹੈ । ਇਸੇ ਕਾਰਨ ਉਨ੍ਹਾਂ ਕੋਲ ਲਗਭਗ 40 ਲੱਖ ਰੁਪਏ ਦੇ ਗਹਿਣੇ ਹਨ। ਜਦੋਂ ਕਿ ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕੋਲ ਲਗਭਗ 65 ਲੱਖ ਰੁਪਏ ਦੇ ਗਹਿਣੇ ਹਨ। ਇਨ ਹੀ ਨਹੀਂ ਪਰਨੀਤ ਕੌਰ ਨੇ ਸ਼ਿਮਲਾ ਅਤੇ ਮੋਹਾਲੀ ਵਿੱਚ ਵੀ ਆਪਣੀ ਜਾਇਦਾਦ ਬਾਰੇ ਜਾਣਕਾਰੀ ਦਿੱਤੀ। ਇੰਨ੍ਹਾ ਹੀ ਨਹੀਂ ਪਰਨੀਤ ਕੌਰ ਨੇ ਲਗਭਗ 9.45 ਲੱਖ ਰੁਪਏ ਦੀ ਆਪਣੀ ਦੇਣਦਾਰੀ ਵੀ ਦੱਸੀ। ਇਸ ਤੋਂ ਇਲਾਵਾ ਪਰਨੀਤ ਕੌਰ ਨੇ 1999, 2004, 2009, 2019 ਦੇ ਵਿੱਚ ਲਗਾਤਾਰ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ। ਹਾਲਾਂਕਿ 2024 ਦੌਰਾਨ ਉਹਨਾਂ ਕਾਂਗਰਸ ਦਾ ਹੱਥ ਛੱਡ ਅਤੇ ਹੱਥ ‘ਚ ਭਾਜਪਾ ਦਾ ਕਮਲ ਫੜ ਲਿਆ।

ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਦੀ ਨੂੰਹ ਹੈ। ਸਿਆਸਤ ਵਿੱਚ ਵੀ ਉਹਨਾਂ ਦਾ ਚੰਗਾ ਦਬਦਬਾ ਰਿਹਾ ਹੈ ਉਹ ਲਗਾਤਾਰ ਪਿਛਲੇ ਚਾਰ ਵਾਰ ਤੋਂ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਬਣੇ ਹਨ। ਹਰਸਿਮਰਤ ਕੌਰ ਬਾਦਲ ਵੀ ਕਰੋੜਪਤੀ ਮਹਿਲਾ ਸਿਆਸਤਦਾਨਾ ਵਿੱਚੋਂ ਇੱਕ ਹੈ। 2024 ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਭਰੀਆ ਨਾਮਜਦਗੀਆਂ ਦੇ ਵਿੱਚ ਆਪਣੀ ਕੁੱਲ ਜਾਇਦਾਦ 135.79 ਕਰੋੜ ਰੁਪਏ ਦੱਸੀ ਗਈ। ਇਸ ਤੋਂ ਇਲਾਵਾ ਉਹਨੇ ਆਪਣੇ ਪਤੀ ਦੀ ਚੱਲ ਜਾਇਦਾਦ ਵੀ ਲਗਭਗ 54 ਕਰੋੜ ਰੁਪਏ ਦੱਸੀ ਹੈ। ਹਾਲਾਂਕਿ ਉਹਨਾਂ ਦਾ ਦਾਅਵਾ ਕੀਤਾ ਹੈ ਕਿ ਉਸ ਕੋਲ ਕੈਸ਼ ਸਿਰਫ 4000 ਰੁਪਏ ਹੈ ਅਤੇ ਸੁਖਬੀਰ ਬਾਦਲ ਦੇ ਕੋਲ ਕੈਸ਼ ਲਗਭਗ ਡੇਢ ਲੱਖ ਰੁਪਏ ਹੈ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਕੋਲ ਕਰੋੜਾਂ ਰੁਪਏ ਦੇ ਗਹਿਣੇ ਵੀ ਹਨ। ਜਿੰਨਾਂ ਦੀ ਕੀਮਤ ਲਗਭਗ 7 ਕਰੋੜ 3 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਮੋਹਾਲੀ ਵਿੱਚ ਜਾਇਦਾਦ ਹੈ। 1987 ਦੌਰਾਨ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਪੋਲੀਟੈਕਨਿਕਲ ਟੈਕਸਟਾਈਲ ਡਿਜ਼ਾਇਨਿੰਗ ‘ਚ ਡਿਪਲੋਮਾ ਕੀਤਾ ਸੀ। ਸਿਆਸਤ ਵਿੱਚ ਵੀ ਉਹਨਾਂ ਦਾ ਵੱਡਾ ਨਾਮ ਹੈ। ਉਹ ਦੋ ਵਾਰ ਭਾਜਪਾ ਦੇ ਕਾਰਜਕਾਲ ਦੌਰਾਨ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ ਪਰ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਭਾਜਪਾ ਦਾ ਵਿਰੋਧ ਕੀਤਾ ਅਤੇ ਕੇਂਦਰੀ ਕੈਬਿਨੇਟਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪੰਜਾਬ ਦੀਆਂ ਮਹਿਲਾ ਸਿਆਸਤਦਾਨਾਂ ਵਿੱਚ ਹਰਸਿਮਰਤ ਬਾਦਲ ਦਾ ਨਾਮ ਕਾਫ਼ੀ ਵੱਡਾ ਹੈ।

ਹੁਣ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦੀ ਕਰਦੇ ਹਾਂ। ਉਹ ਇਸ ਵਾਰ ਗਿੱਦੜਬਾਹ ਹਲਕੇ ਤੋਂ ਜ਼ਿਮਨੀ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹਨਾਂ ਵੱਲੋਂ ਲਗਾਏ ਗਏ ਹਲਫਿਆ ਬਿਆਨ ਮੁਤਾਬਿਕ ਉਹਨਾਂ ਦੀ ਕੁੱਲ ਜਾਇਦਾਦ ਤਿੰਨ ਕਰੋੜ ਤੋਂ ਉੱਤੇ ਹੈ। ਉਹਨਾਂ ਦੇ ਕੋਲ ਕੁੱਲ 4.61 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ ਜਦੋਂ ਕਿ 4.57 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ ।ਇਸ ਤੋਂ ਇਲਾਵਾ ਉਹਨਾਂ ਕੋਲ ਲਗਭਗ 2 ਲੱਖ 73 ਹਜ਼ਾਰ ਰੁਪਏ ਨਗਦ, 24669 ਰੁਪਏ ਦੋ ਬੈਂਕ ਖਾਤਿਆਂ ਵਿੱਚ ਜਮਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 65 ਲੱਖ ਰੁਪਏ ਦੇ ਕਰੀਬ ਉਹਨਾਂ ਵੱਲੋਂ ਨਿਵੇਸ਼ ਵੀ ਕੀਤੇ ਗਏ ਹਨ। ਇਹਨਾਂ ਹੀ ਨਹੀਂ ਅੰਮ੍ਰਿਤਾ ਵੜਿੰਗ ਵੀ ਗਹਿਿਣਆਂ ਦਾ ਕਾਫ਼ੀ ਸ਼ੌਂਕ ਰੱਖਦੇ ਹਨ। ਉਹਨਾਂ ਕੋਲ 33 ਲੱਖ ਰੁਪਏ ਦੇ ਕੁੱਲ ਗਹਿਣੇ ਹਨ। ਅੰਮ੍ਰਿਤਾ ਵੜਿੰਗ ਹਾਲਾਂਕਿ ਸਿਆਸਤ ਦੇ ਵਿੱਚ ਬਹੁਤੀ ਜ਼ਿਆਦਾ ਸਰਗਰਮ ਪਿਛਲੇ ਸਾਲਾਂ ਦੇ ਦੌਰਾਨ ਨਹੀਂ ਰਹੀ ਹੈ ਪਰ ਰਾਜਾ ਵੜਿੰਗ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਾ ਸਿਆਸਤ ਦੇ ਵਿੱਚ ਕਾਫ਼ੀ ਸਰਗਰਮ ਵਿਖਾਈ ਦਿੱਤੇ। ਪਹਿਲਾਂ ਉਹ ਆਪਣੇ ਪਤੀ ਲਈ ਜ਼ਰੂਰ ਵੋਟਾਂ ਮੰਗਦੇ ਨਜ਼ਰ ਆਏ ਪਰ ਲੋਕ ਸਭਾ ਚੋਣਾਂ ਲੁਧਿਆਣਾ ਵਿੱਚ ਉਹਨਾਂ ਡੱਟ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਦੀ ਵਾਗਡੋਰ ਸਾਂਭੀ, ਜਿਸ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵੱਲੋਂ ਗਿੱਦੜਬਾਹਾ ਹਲਕੇ ਤੋਂ ਅੰਮ੍ਰਿਤਾ ਵੜਿੰਗ ਨੂੰ ਜ਼ਿਮਨੀ ਚੋਣ ਲਈ ਟਿਕਟ ਦਿੱਤੀ ਅਤੇ ਹੁਣ ਉਹ ਚੋਣ ਮੈਦਾਨ ਵਿੱਚ ਹਨ।

ਅਨਮੋਲ ਗਗਨ ਮਾਨ
ਪੰਜਾਬ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੀ ਅਨਮੋਲ ਗਗਨ ਮਾਨ ਸਿਆਸਤ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੀ ਸਰਗਰਮ ਹੋਏ। ਇਸ ਤੋਂ ਪਹਿਲਾਂ ਉਹ ਇੱਕ ਗਾਇਕਾ ਵਜੋਂ ਪੰਜਾਬ ਭਰ ‘ਚ ਮਸ਼ਹੂਰ ਸਨ। 2022 ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਿਲ ਕਰਕੇ ਪੰਜਾਬ ਕੈਬਨਿਟ ‘ਚ ਸੈਰ ਸਪਾਟਾ ਵਿਭਾਗ ਦੇ ਮੰਤਰੀ ਵੱਜੋਂ ਕੰਮ ਕੀਤਾ। ਅਨਮੋਲ ਗਗਨ ਮਾਨ ਵੱਲੋਂ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਲਗਾਏ ਗਏ ਆਪਣੇ ਹਲਫੀਆ ਬਿਆਨ ਮੁਤਾਬਿਕ ਉਨ੍ਹਾਂ ਨੇ 12ਵੀਂ ਜਮਾਤ ਤੱਕ ਪੜਾਈ ਕੀਤੀ ਹੋਈ ਹੈ। ਉਨ੍ਹਾਂ ਨੇ 84 ਲੱਖ ਰੁਪਏ ਦੇ ਕਰੀਬ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ।