
ਵਿਨੇਸ਼ ਫੋਗਾਟ ਨੇ ਮਹਿਲਾ ਭਲਵਾਨਾਂ ਨਾਲ ਜਿਨਸੀ ਸ਼ੋਸ਼ਣ ਅਤੇ ਧਮਕੀਆਂ ਦੇਣ ਦੇ ਲਾਏ ਦੋਸ਼,
ਉੱਘੀ ਭਲਵਾਨ ਵਿਨੇਸ਼ ਫੋਗਾਟ (28) ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ (66) ‘ਤੇ ਮਹਿਲਾ ਭਲਵਾਨਾਂ ਦਾ ਕਈ ਵਰ੍ਹਿਆਂ ਤੱਕ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ। ਖੇਡ ਮੰਤਰਾਲੇ ਨੇ ਦੋਸ਼ਾਂ ਬਾਰੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ ‘ਚ ਜਵਾਬ ਮੰਗ ਲਿਆ ਹੈ। ਵਿਨੇਸ਼ ਨੇ ਹੰਝੂ ਵਹਾਉਂਦਿਆਂ ਇਹ ਵੀ ਦਾਅਵਾ ਕੀਤਾ ਕਿ ਲਖਨਊ ‘ਚ ਕੌਮੀ ਕੈਂਪ ਦੌਰਾਨ ਕਈ ਕੋਚਾਂ ਨੇ ਮਹਿਲਾ ਭਲਵਾਨਾਂ ਨਾਲ ਛੇੜਖਾਨੀ ਕੀਤੀ ਸੀ। ਉਂਜ ਵਿਨੇਸ਼ ਨੇ ਸਪੱਸ਼ਟ ਕੀਤਾ ਹੈ ਕਿ ਉਸ ਨਾਲ ਕਦੇ ਧੱਕਾ ਨਹੀਂ ਹੋਇਆ ਹੈ ਪਰ ਦਾਅਵਾ ਕੀਤਾ ਕਿ ਇਕ ਪੀੜਤਾ ਜੰਤਰ ਮੰਤਰ ‘ਤੇ ਦਿੱਤੇ ਧਰਨੇ ‘ਚ ਮੌਜੂਦ ਹੈ। ਵਿਨੇਸ਼ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੀ ਸ਼ਹਿ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ ਕਿਉਂਕਿ ਉਸ ਨੇ ਟੋਕੀਓ ਖੇਡਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਰਤੀ ਕੁਸ਼ਤੀ ਦੇ ਕਈ ਮੁੱਦਿਆਂ ਵੱਲ ਧਿਆਨ ਦਿਵਾਇਆ ਸੀ। ਜੰਤਰ ਮੰਤਰ ‘ਤੇ ਚਾਰ ਘੰਟੇ ਤੱਕ ਧਰਨਾ ਦੇਣ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਨੇਸ਼ ਨੇ ਕਿਹਾ,”ਮੈਂ 10 ਤੋਂ 20 ਮਹਿਲਾ ਭਲਵਾਨਾਂ ਨੂੰ ਜਾਣਦੀ ਹਾਂ ਜਿਨ੍ਹਾਂ ਮੈਨੂੰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਹੱਥੋਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਨ ਬਾਰੇ ਦੱਸਿਆ ਹੈ। ਜੇਕਰ ਸਾਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲਣ ਦਾ ਮੌਕਾ ਮਿਲਿਆ ਤਾਂ ਅਸੀਂ ਪੀੜਤਾਂ ਦੇ ਨਾਵਾਂ ਦਾ ਖੁਲਾਸਾ ਕਰ ਸਕਦੇ ਹਾਂ।” ਧਰਨੇ ‘ਚ ਰੀਓ ਓਲੰਪਿਕਸ ਦੀ ਤਗਮਾ ਜੇਤੂ ਸਾਕਸ਼ੀ ਮਲਿਕ, ਵਿਸ਼ਵ ਚੈਂਪੀਅਨਸ਼ਿਪ ਦੀ ਤਗਮਾ ਜੇਤੂ ਸਰਿਤਾ ਮੋਰ, ਸੰਗੀਤਾ ਫੋਗਾਟ, ਅੰਸ਼ੂ ਮਲਿਕ, ਸੋਨਮ ਮਲਿਕ, ਸਤਿਆਵ੍ਰਤ ਮਲਿਕ, ਜਿਤੇਂਦਰ, ਅਮਿਤ ਧਨਖੜ, ਸੁਮਿਤ ਮਲਿਕ ਸਮੇਤ 30 ਭਲਵਾਨਾਂ ਨੇ ਸ਼ਮੂਲੀਅਤ ਕੀਤੀ। ਟੋਕੀਓ ਓਲੰਪਿਕਸ ਦੇ ਤਗਮਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਫੈਡਰੇਸ਼ਨ ਮਨਮਰਜ਼ੀ ਨਾਲ ਚਲਾਈ ਜਾ ਰਹੀ ਹੈ ਅਤੇ ਉਹ ਉਦੋਂ ਤੱਕ ਕਿਸੇ ਵੀ ਕੌਮਾਂਤਰੀ ਮੁਕਾਬਲੇ ‘ਚ ਹਿੱਸਾ ਨਹੀਂ ਲੈਣਗੇ ਜਦੋਂ ਤੱਕ ਕੁਸ਼ਤੀ ਫੈਡਰੇਸ਼ਨ ਦਾ ਤਾਨਾਸ਼ਾਹ ਪ੍ਰਧਾਨ ਹਟਾ ਨਹੀਂ ਦਿੱਤਾ ਜਾਂਦਾ ਹੈ। ‘ਸਾਡੀ ਜੰਗ ਸਰਕਾਰ ਜਾਂ ਸਪੋਰਟਸ ਅਥਾਰਿਟੀ ਆਫ਼ ਇੰਡੀਆ ਨਾਲ ਨਹੀਂ ਹੈ।