ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ 66 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਕੀਤਾ ਹੈ ਪਰ ਧਾਰਮਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਢਾਡੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਸੀਨੀਅਰ ਕਾਂਗਰਸੀ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕਰਕੇ ਇਸ ਨਿਯੁਕਤੀ ਉੱਪਰ ਤੰਨਜ ਕੱਸਿਆ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਹੈ ਕਿ ਇਮਾਨਦਾਰੀ ਦਾ ਢਿੰਡੋਰਾ ਪਿੱਟਣ ਆਮ ਆਦਮੀ ਪਾਰਟੀ ਨੇ ਆਨੰਦਪੁਰ ਸਾਹਿਬ ਵਿੱਚ ਇੱਕ ਅਜਿਹੇ ਲੀਡਰ ਨੂੰ ਨਿਯੁਕਤ ਕੀਤਾ ਹੈ ਜੋ ਧਾਰਾ 306 ਤਹਿਤ ਦਰਜ ਇੱਕ ਕੇਸ ਵਿੱਚ ਜੇਲ੍ਹ ਅੰਦਰ ਬੰਦ ਹੈ। ਇਸੇ ਸਾਲ ਥਾਣਾ ਕੀਰਤਪੁਰ ਸਾਹਿਬ ਵਿਖੇ ਨੌਜਵਾਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।