ਜੰਤਰ-ਮੰਤਰ ਵਿਖੇ ਪੁਲਿਸ ਨੇ ਪਹਿਲਵਾਨਾਂ ਦੇ ਉਖਾੜੇ ਟੈਂਟ, ਘੜੀਸ ਕੇ ਲੈ ਗਏ ਪਹਿਲਵਾਨਾਂ ਨੂੰ, ਦਿੱਲੀ ਬਾਰਡਰਾਂ ‘ਤੇ ਰੋਕੇ ਕਿਸਾਨ
28 ਮਈ ਨੂੰ ਦਿੱਲੀ ਦੇ ਜੰਤਰ-ਮੰਤਰ ਤੋਂ ਨਵੀਂ ਪਾਰਲੀਮੈਂਟ ਵੱਲ ਮਹਾਂਪੰਚਾਇਤ ਕਰਨ ਜਾ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਸੰਸਦ ਭਵਨ ਜਾਣ ਤੋਂ ਰੋਕਿਆ ਤਾਂ ਦੋਵਾਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਪੁਲਿਸ ਪਹਿਲਵਾਨਾਂ ਨੂੰ ਖਿੱਚ ਕੇ ਆਪਣੇ ਨਾਲ ਲੈ ਗਈ।
ਪਹਿਲਵਾਨ ਆਪਣੇ ਪ੍ਰੋਗਰਾਮ ਮੁਤਾਬਕ ਸੰਸਦ ਭਵਨ ਵੱਲ ਰੋਸ ਪ੍ਰਦਰਸ਼ਨ ਕਰਨ ਲਈ ਨਿਕਲੇ ਸਨ। ਜਿਨ੍ਹਾਂ ਨੂੰ ਰੋਕਣ ਲਈ ਪੁਲੀਸ ਨੇ ਬੈਰੀਕੇਡ ਲਾਏ ਹੋਏ ਸਨ, ਜਿਨ੍ਹਾਂ ਨੂੰ ਹਟਾਉਂਦਿਆਂ ਪਹਿਲਵਾਨ ਅੱਗੇ ਵਧ ਰਹੇ ਸਨ।
ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਮਾਰਚ ਕੱਢ ਰਹੇ ਸਨ। ਪਹਿਲਵਾਨਾਂ ਨੇ ਇਸ ਨੂੰ ਆਪਣਾ ਹੱਕ ਦੱਸਿਆ ਅਤੇ ਦਿੱਲੀ ਪੁਲਿਸ ‘ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਵੀ ਲਗਾਇਆ।
ਪਹਿਲਵਾਨਾਂ ਨੇ ਦਿੱਲੀ ‘ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੋਧ ‘ਚ ‘ਮਹਿਲਾ ਸਨਮਾਨ ਮਹਾਪੰਚਾਇਤ’ ਬੁਲਾਈ ਸੀ। ਹੁਣ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਨੇ ਜੰਤਰ-ਮੰਤਰ ਤੋਂ ਟੈਂਟ ਵੀ ਉਖਾੜ ਦਿੱਤੇ ਹਨ।
ਦਿੱਲੀ ‘ਚ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਦਿੱਲੀ ‘ਚ ਪਹਿਲਾਂ ਤੋਂ ਹੀ ਬਹੁਤ ਸਖ਼ਤ ਸੁਰੱਖਿਆ ਰੱਖੀ ਗਈ ਹੈ। ਇਸ ਦੇ ਨਾਲ ਹੀ ਮਹਾਪੰਚਾਇਤ ਲਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ।