
ਕਪੂਰਥਲਾ ਜੇਲ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਹੰਗਾਮਾ ਕੀਤਾ ਹੈ। ਲਾਰੈਂਸ ਬਿਸ਼ਨੋਈ ਦੇ ਕਰੀਬੀ ਜੱਗੂ ਭਗਵਾਨਪੁਰੀਆ ਨੇ ਹਾਈ ਸਕਿਓਰਿਟੀ ਜੇਲ ‘ਚ ਲਗਾਈ ਐੱਲ.ਸੀ.ਡੀ. ਤੋੜ ਦਿੱਤੀ ਹੈ। ਇਸ ਦਾ ਪਤਾ ਲੱਗਦਿਆਂ ਹੀ ਜੇਲ੍ਹ ਅਧਿਕਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਜੱਗੂ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ।
ਇਸ ਤੋਂ ਬਾਅਦ ਜੇਲ੍ਹ ਦੇ ਸਹਾਇਕ ਸੁਪਰਡੈਂਟ (ਸੁਰੱਖਿਆ) ਨਵਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜੱਗੂ ਖ਼ਿਲਾਫ਼ ਥਾਣਾ ਕਪੂਰਥਲਾ ਵਿੱਚ 427 ਆਈਪੀਸੀ ਅਤੇ 42-ਏ ਪ੍ਰਿਜ਼ਨ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਜੱਗੂ ਭਗਵਾਨਪੁਰੀਆ ਦੀ ਜੇਲ੍ਹ ਵਿੱਚ ਇੱਕ ਕੈਦੀ ਨਾਲ ਬਹਿਸ ਹੋ ਗਈ ਸੀ। ਦੋਵਾਂ ਵਿਚਾਲੇ ਤਕਰਾਰ ਵਧਣ ‘ਤੇ ਜੱਗੂ ਭਗਵਾਨਪੁਰੀਆ ਗੁੱਸੇ ‘ਚ ਆ ਗਿਆ। ਉਸ ਨੇ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਬੈਰਕ ਵਿੱਚ ਲੱਗੀ ਐਲਸੀਡੀ ਨੂੰ ਕੰਧ ਵਿੱਚੋਂ ਕੱਢ ਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਵੀ ਉਸ ਦਾ ਗੁੱਸਾ ਠੰਢਾ ਨਾ ਹੋਇਆ ਤਾਂ ਉਸ ਨੇ ਪੈਰ ਮਾਰ ਕੇ ਐਲਸੀਡੀ ਤੋੜ ਦਿੱਤੀ।