
ਪੰਜਾਬ ਤੇ ਹਰਿਆਣਾ ਦੇ ਕਿਸਾਨ 13 ਫਰਵਰੀ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ-ਹਰਿਆਣਾ ਸਰਹੱਦ ਉੱਤੇ ਹੀ ਰੋਕ ਲਿਆ। ਹਰਿਆਣਾ ਪੁਲਿਸ ਨੇ ਸਮਿੰਟ ਦੇ ਬੈਕੀਕੇਡ, ਕੰਡਿਆਲੀ ਤਾਰ ਲਾਉਣ ਤੋਂ ਇਲਾਵਾ ਕਿਸਾਨਾਂ ਉੱਤੇ ਡਰੋਨ ਨਾਲ ਵੀ ਪੰਜਾਬ ਦੀ ਹਦੂਦ ਅੰਦਰ ਆ ਕੇ ਹਮਲੇ ਕੀਤੇ।
ਕਿਸਾਨਾਂ ਤੇ ਹੋਏ ਤਸ਼ੱਦਦ ਤੋਂ ਬਾਅਦ ਵੀ ਹਜ਼ਾਰਾਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਡਟੇ ਹੋਏ ਹਨ। 21 ਫਰਵਰੀ ਨੂੰ ਪੁਲਿਸ ਦੀ ਫਾਇਰਿੰਗ ਕਾਰਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਪਾਣੀ ਦੀ ਬੁਛਾੜਾ ਸਮੇਤ, ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਤੇ ਪੈਲੇਟ ਗੰਨ ਨਾਲ ਵੀ ਹਮਲਾ ਕੀਤਾ ਗਿਆ
ਅੰਦੋਲਨ ਵਿੱਚ ਜ਼ਖ਼ਮੀ ਕਿਸਾਨਾਂ ਦਾ ਇਲਾਜ ਕਰ ਰਹੇ ਖ਼ਾਲਸਾ ਏਡ ਵੱਲੋਂ ਦਾਅਵਾ ਕੀਤਾ ਗਿਆ ਹੈ ਕਿਸਾਨਾਂ ਉੱਤੇ ਪੈਲੇਟ ਗੰਨ ਨਾਲ ਹਮਲਾ ਕੀਤਾ ਗਿਆ ਹੈ। ਹਾਲਾਂਕਿ ਹਰਿਆਣਾ ਦੇ ਡੀਜੀਪੀ ਵੱਲੋਂ ਇਸ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ।
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ਖ਼ਮੀ ਕਿਸਾਨਾਂ ਨੂੰ 16 ਫ਼ਰਵਰੀ ਨੂੰ ਮਿਲੇ ਸੀ। ਇਸ ਮੌਕੇ ਉਨ੍ਹਾਂ ਕਿਹਾ ਸੀ ਕਿ ਤਿੰਨ ਕਿਸਾਨਾਂ ਦਾ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਪੁਲਿਸ ਨੇ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਪੈਲੇਟ ਗੰਨ ਦਾ ਵੀ ਵਰਤੋਂ ਕੀਤੀ ਹੈ। ਸਿਹਤ ਮੰਤਰੀ ਨੇ ਖ਼ੁਦ 10 ਤੋਂ ਜ਼ਿਆਦਾ ਕਿਸਾਨਾਂ ਦੇ ਪੈਲੇਟ ਗੰਨ ਨਾਲ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਇਸ ਮੌਕੇ ਕਿਸਾਨਾਂ ਦਾ ਇਲਾਜ ਕਰ ਰਹੇ ਨੌਜਵਾਨ ਨੇ ਦੱਸਿਆ ਕਿ 14 ਫਰਵਰੀ ਨੂੰ ਉਨ੍ਹਾਂ ਕੋਲ 30 ਤੋਂ ਜ਼ਿਆਦਾ ਕਿਸਾਨ ਆਏ ਜੋ ਕਿ ਪੈਲੇਟ ਗੰਨ ਨਾਲ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਪੈਲੇਟ ਲੱਗਣ ਦਾ ਮਤਲਬ ਹੈ ਕਿ ਸ਼ਰੀਰ ਵਿੱਚ ਲੋਹੇ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਦਾ ਧਸ ਜਾਣਾ, ਕੁਝ ਗੋਲੀਆਂ ਤਾਂ ਡਾਕਟਰਾਂ ਵੱਲੋਂ ਕੱਢ ਦਿੱਤੀਆਂ ਜਾਂਦੀਆਂ ਹਨ ਤੇ ਜੋ ਵਿੱਚ ਹੀ ਰਹਿ ਜਾਂਦੀਆਂ ਤਾਂ ਉਸ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਦੈਨਿਕ ਭਾਸਕਰ ਵੱਲੋਂ ਜਦੋਂ ਪੈਲੇਟ ਗੰਨ ਦੀ ਵਰਤੋਂ ਬਾਰੇ ਹਰਿਆਣਾ ਦੀ ADGP ਮਮਤਾ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਥਰੂ ਗੈਸ ਦੇ ਇਲਾਵਾ ਉਨ੍ਹਾਂ ਨੇ ਇੱਕ ਜਾਂ ਦੋ ਵਾਰ ਰਬੜ ਦੀਆਂ ਗੋਲ਼ੀਆਂ ਦੀ ਵਰਤੋਂ ਕੀਤੀ ਹੈ ਪਰ ਉਨ੍ਹਾਂ ਵੱਲੋਂ ਪੈਨੇਟ ਗੰਨ ਨਹੀਂ ਚਲਾਈ ਗਈ।
ਕੀ ਹੁੰਦੀ ਹੈ ਪੈਲੇਟ ਗੰਨ
ਪੈਲੇਟ ਗੰਨ ਦੇ ਇੱਕ ਕਾਰਤੂਸ ਵਿੱਚ ਕਰੀਬ 100 ਪੈਲੇਟਸ ਹੁੰਦੇ ਹਨ ਜਦੋਂ ਉਸ ਨੂੰ ਫ਼ਾਇਰ ਕੀਤਾ ਜਾਂਦਾ ਹੈ ਤਾਂ ਉਸ ਦੇ ਛਰੇ 100 ਮੀਟਰ ਤੱਕ ਫੈਲ ਜਾਂਦੇ ਹਨ ਤੇ ਉਸ ਦੇ ਸਪੰਰਕ ਵਿੱਚ ਆਉਣ ਵਾਲਿਆਂ ਦੇ ਸਰੀਰ ਵਿੱਚ ਧਸ ਜਾਂਦੇ ਹਨ ਜਿਸ ਨਾਲ ਤੇਜ਼ ਦਰਦ ਹੁੰਦਾ ਹੈ। ਜੇ ਇਸ ਦੇ ਛਰੇ ਅੱਖਾਂ ਵਿੱਚ ਲੱਗ ਜਾਣ ਤਾਂ ਅੱਖ ਫਟ ਸਕਦੀ ਹੈ ਤੇ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਨਾਲ ਜਾ ਸਕਦੀ ਹੈ। ਪੈਲੇਟ ਗੰਨ ਦੀ ਵਰਤੋਂ ਬਾਰੇ ਰਿਟਾਇਡ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਪੁਲਿਸ ਵੱਲੋਂਏ ਪੈਲੇਟ ਗੰਨ ਦੀ ਵਰਤੋਂ ਕਰਨ ਦੀ ਮਨਾਹੀ ਹੈ