ਸ੍ਰੀ ਮੁਕਤਸਰ ਸਾਹਿਬ ਵਿਚ ਟਰੱਕ ਵਿਚੋਂ ਕਣਕ ਦੇ ਦੋ ਗੱਟੇ ਚੋਰੀ ਕਰਨ ਦਾ ਦੋਸ਼ ਲਾਉਂਦਿਆਂ ਟਰੱਕ ਚਾਲਕ ਨੇ ਪਹਿਲਾਂ ਨੌਜਵਾਨ ਨੂੰ ਆਪਣੇ ਟਰੱਕ ਅੱਗੇ ਬੰਨ੍ਹ ਕੇ ਸ਼ਹਿਰ ਵਿਚ ਘੁਮਾਇਆ ਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ।
ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਮਨੁੱਖੀ ਜਾਨ ਜੋਖਮ ਵਿਚ ਪਾਉਣ ਦੇ ਦੋਸ਼ ਵਿਚ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਟਰੱਕ ਚਾਲਕ ਮਲੋਟ ਤੋਂ ਸਰਕਾਰੀ ਕਣਕ ਲੈ ਕੇ ਮੁਕਤਸਰ ਆ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਕੁਝ ਨੌਜਵਾਨ ਉਸ ਦੇ ਟਰੱਕ ਉਪਰ ਚੜ੍ਹ ਗਏ ਅਤੇ ਕਣਕ ਦੇ ਗੱਟੇ ਸੜਕ ਉੱਪਰ ਸੁੱਟਣ ਲੱਗੇ।
ਮੋਟਰਸਾਈਕਲ ਸਵਾਰ ਇਨ੍ਹਾਂ ਗੱਟਿਆਂ ਨੂੰ ਲੈ ਕੇ ਭੱਜ ਗਏ। ਜਦੋਂ ਟਰੱਕ ਚਾਲਕ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਟਰੱਕ ਰੋਕ ਕੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਪਰ ਇਕ ਉਸ ਦੇ ਹੱਥ ਆ ਗਿਆ।
ਡਰਾਈਵਰ ਨੇ ਇਸ ਮੁੰਡੇ ਨੂੰ ਟਰੱਕ ਮੂਹਰੇ ਬੰਨ੍ਹ ਕੇ ਸ਼ਹਿਰ ਵਿਚ ਘੁਮਾਇਆ ਤੇ ਬਾਅਦ ਵਿਚ ਉਸ ਨੂੰ ਬੱਸ ਅੱਡਾ ਚੌਕੀ ਪੁਲਿਸ ਨੂੰ ਸੌਂਪ ਦਿੱਤਾ।