
ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਦੇ ਕਾਰਨ ਹੋਈ ਮੌਤ ਦਾ ਮਾਮਲਾ ਭਖਿਆ ਹੋਇਆ ਹੈ। ਪੀਆਰਟੀਸੀ ਮੁਲਾਜ਼ਮ ਯੂਨੀਅਨ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ‘ਤੇ ਅੜੀ ਹੋਈ ਹੈ। ਜਿਸ ਤਹਿਤ ਅੱਜ ਪੀਆਰਟੀਸੀ ਮੁਲਾਜ਼ਮਾਂ ਵਲੋਂ ਬਰਨਾਲਾ ਦਾ ਪੀਆਰਟੀਸੀ ਡੀਪੂ ਪੂਰੀ ਤਰ੍ਹਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ। ਮੁਲਾਜ਼ਮਾਂ ਨੇ ਡੀਪੂ ਦੀਆਂ ਸਾਰੀਆਂ ਸਰਕਾਰੀ ਬੱਸਾਂ ਨੂੰ ਬੰਦ ਰੱਖਿਆ ਅਤੇ ਪੀਅਰਟੀਸੀ ਮੈਨੇਜਮੈਂਟ ਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਿੰਨਾਂ ਸਮਾਂ ਸਰਕਾਰ ਮੰਗਾਂ ਨਹੀਂ ਮੰਨਦੀ, ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਸ ਉਪਰੰਤ ਹੀ ਮ੍ਰਿਤਕ ਮੁਲਾਜ਼ਮ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਸਾਥੀ ਦੀ ਡਿਊਟੀ ਦੌਰਾਨ ਮੌਤ ਹੋਈ ਹੈ, ਜੋ ਇੱਕ ਮਕੈਨਿਕ ਵਜੋਂ ਪੀਆਰਟੀਸੀ ਡੀਪੂ ਵਿੱਚ ਕੰਮ ਕਰਦਾ ਸੀ। ਮ੍ਰਿਤਕ ਮੁਲਾਜ਼ਮ ਪਟਿਆਲਾ ਵਿਖੇ ਇੱਕ ਖ਼ਰਾਬ ਹੋਈ ਬੱਸ ਨੂੰ ਠੀਕ ਕਰਕੇ ਲਿਆਉਣ ਗਿਆ ਸੀ, ਜਿੱਥੇ ਗਰਮੀ ਵੱਧ ਹੋਣ ਕਾਰਨ ਉਸ ਦੀ ਸਿਹਤ ਵਿਗੜ ਗਈ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਣ ਤੱਕ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਮ੍ਰਿਤਕ ਮੁਲਾਜ਼ਮ ਸਰਕਾਰ ਦਾ ਹੀ ਕੰਮ ਕਰ ਰਿਹਾ ਸੀ ਅਤੇ ਡਿਊਟੀ ਦੌਰਾਨ ਸੀ। ਜਿਸ ਕਰਕੇ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਸ ਦੇ ਪਰਿਵਾਰ ਨੂੰ ਮਾਲੀ ਮੱਦਦ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਦੀ ਯੂਨੀਅਨ ਦੀ ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਵੀ ਹੋਈ ਹੈ, ਪਰ ਮੈਨੇਜਮੈਂਟ ਨੇ ਸਾਡੀਆਂ ਦੋਵੇਂ ਮੰਗਾਂ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਦੇ ਰੋਸ ਵਜੋਂ ਉਹਨਾਂ ਵਲੋਂ ਬਰਨਾਲਾ ਦਾ ਡੀਪੂ ਬੰਦ ਰੱਖ ਕੇ ਹੜਤਾਲ ਕੀਤੀ ਗਈ ਹੈ।