ਲੁਧਿਆਣਾ/ ਥਾਣਾ ਸਦਰ ਦੀ ਪੁਲੀਸ ਨੇ ਇੱਕ ਮਰੀਜ਼ ਦੀ ਸ਼ਿਕਾਇਤ ‘ਤੇ ਇੱਕ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਮਰੀਜ਼ ਦੇ ਗੁਰਦੇ ਵਿੱਚ ਪੱਥਰੀ ਦਾ ਗਲਤ ਅਪਰੇਸ਼ਨ ਕੀਤਾ ਗਿਆ ਹੈ। ਇਸ ਸਬੰਧੀ ਰਾਜਗੁਰੂ ਨਗਰ ਵਾਸੀ ਵਨੀਤ ਖੰਨਾ ਨੇ ਦੱਸਿਆ ਕਿ ਉਸ ਨੂੰ ਗੁਰਦੇ ਵਿੱਚ ਪੱਥਰੀ ਦੀ ਤਕਲੀਫ਼ ਸੀ ਅਤੇ ਉਹ ਡਾ. ਹਰਪ੍ਰੀਤ ਸਿੰਘ ਜੋਲੀ ਵਾਸੀ ਫੇਸ-3 ਦੁੱਗਰੀ ਕੋਲ ਆਪਣੇ ਗੁਰਦੇ ਦੀ ਪੱਥਰੀ ਦਾ ਅਪਰੇਸ਼ਨ ਕਰਵਾਉਣ ਗਿਆ ਸੀ।
ਪੱਥਰੀ ਉਸ ਦੇ ਸੱਜੇ ਗੁਰਦੇ ਵਿੱਚ ਸੀ ਪਰ ਡਾ. ਐੱਚਐੱਸ ਜੋਲੀ ਨੇ ਉਸ ਦੇ ਖੱਬੇ ਗੁਰਦੇ ਦਾ ਅਪਰੇਸ਼ਨ ਕਰ ਦਿੱਤਾ। ਇਸ ਦੌਰਾਨ ਉਸ ਨੇ ਉਸ ਪਾਸੋਂ 1 ਲੱਖ 10 ਹਜ਼ਾਰ ਰੁਪਏ ਜਮਾਂ ਕਰਵਾਏ, ਫਿਰ 55 ਹਜ਼ਾਰ ਰੁਪਏ ਅਪਰੇਸ਼ਨ ਦਾ ਖਰਚਾ ਵੱਖਰਾ ਲੈ ਲਿਆ।
ਉਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਡਾਕਟਰ ਜੋਲੀ ਨੇ ਇਸ ਤੋਂ ਇਲਾਵਾ ਬਿਨਾਂ ਦੱਸੇ ਉਸ ਦੀ ਮੈਡੀਕਲ ਇੰਨਸ਼ੋਰੈਂਸ ਵਿੱਚੋਂ ਵੀ 1 ਲੱਖ ਰੁਪਏ ਦਾ ਕਲੇਮ ਵੀ ਲੈ ਲਿਆ। ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਜਾਰੀ ਜਾਂਚ ਪੜਤਾਲ ਤੋਂ ਬਾਅਦ ਕਾਰਵਾਈ ਕਰਦਿਆਂ ਡਾਕਟਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।