ਜਲੰਧਰ: SS Chahal
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਪੰਜ ਨੰਬਰਦਾਰਾਂ ਨੂੰ ਆਪਣੇ ਪਿੰਡਾਂ ਵਿੱਚੋਂ ਅਣ-ਅਧਿਕਾਰਤ ਤੌਰ ‘ਤੇ ਗ਼ੈਰ-ਹਾਜ਼ਰ ਰਹਿਣ ਅਤੇ ਵਿਦੇਸ਼ ਚਲੇ ਜਾਣ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਜਾਰੀ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਗੋਰਸੀਆਂਪੀਰਾ, ਅਰਜਨਵਾਲ, ਸਾਗਰਾਵਾਲੀ, ਰਾਏਪੁਰ ਅਤੇ ਸਲੇਮਪੁਰ ਮੁਸਲਮਾਨਾ ਪਿੰਡਾਂ ਦੇ ਨੰਬਰਦਾਰਾਂ ਨੂੰ ਬਰਖਾਸਤ ਕੀਤਾ ਗਿਆ। ਆਪਣੇ ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਨੰਬਰਦਾਰ ਜਾਂ ਤਾਂ ਵਿਦੇਸ਼ ਚਲੇ ਜਾਂਦੇ ਹਨ ਜਾਂ ਆਪਣੀ ਰੈਵੇਨਿਊ ਅਸਟੇਟ ਤੋਂ ਗੈਰ-ਹਾਜ਼ਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਈਆਂ ਨੇ ਵਿਦੇਸ਼ਾਂ ਵਿੱਚ ਵੀ ਪੀ.ਆਰ. ਪ੍ਰਾਪਤ ਕਰ ਲਈ ਹੈ, ਜੋ ਕਿ ਮਾਲ ਵਿਭਾਗ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਨੰਬਰਦਾਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੂਚਿਤ ਕੀਤੇ ਬਿਨਾਂ ਵਿਦੇਸ਼ ਚਲੇ ਜਾਂਦੇ ਹਨ, ਜਦਕਿ ਨਿਯਮਾਂ ਮੁਤਾਬਕ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਕੰਮ ਕਰਨ ਵਾਲੇ ਸਰਬਰਾਹ ਦੀ ਨਿਯੁਕਤੀ ਕਰਵਾਏ ਬਿਨਾਂ ਉਹ ਵਿਦੇਸ਼ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਆਪਣੀ ਰੈਵੇਨਿਊ ਅਸਟੇਟ ਦੇ ਲੋਕਾਂ ਦੀ ਸੇਵਾ ਕਰਨਾ ਨੰਬਰਦਾਰ ਦਾ ਫਰਜ਼ ਬਣਦਾ ਹੈ ਪਰ ਬਿਨਾਂ ਇਜਾਜ਼ਤ ਵਿਦੇਸ਼ ਚਲੇ ਜਾਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਇਸ ਨਾਲ ਆਮ ਲੋਕਾਂ ਲਈ ਸਮੱਸਿਆ ਪੈਦਾ ਹੁੰਦੀ ਹੈ ਅਤੇ ਦੂਜੇ ਪਾਸੇ ਮਾਲ ਅਧਿਕਾਰੀਆਂ ਨੂੰ ਵੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ।