ਮੇਲੇ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ
ਜਲੰਧਰ, ਐਚ ਐਸ ਚਾਵਲਾ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਬੁੱਧਵਾਰ ਨੂੰ ਸਥਾਨਕ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਵਿਖੇ ਦੋ ਦਿਨਾ ਦੀਵਾਲੀ ਮੇਲੇ ਦਾ ਉਦਘਾਟਨ ਕੀਤਾ ਗਿਆ।
ਦੀਵਾਲੀ ਮੇਲੇ ਦੀ ਸ਼ੁਰੂਆਤ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਾਲਜ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਪੇਸ਼ ਕਰਨ ਦਾ ਮੌਕਾ ਵੀ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਵਧਦਾ ਹੈ। ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਨੌਜਵਾਨ ਵਿਦਿਆਰਥੀਆਂ ਦੀ ਪ੍ਰਤਿਭਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ।
ਦੀਵਾਲੀ ਮੇਲੇ ਵਿਚ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਡਿਜ਼ਾਈਨਰ ਫਰਨੀਚਰ, ਘਰ ਦੀ ਸਜਾਵਟ ਲਈ ਉਤਪਾਦ, ਸਕਰੀਨ ਪ੍ਰਿਟਿੰਗ ਨਾਲ ਬਣਾਏ ਗਏ ਦੁਪੱਟੇ, ਹੈਂਡਮੇਡ ਜਵੈਲਰੀ, ਹੈਂਡਪੇਂਟਿਡ ਬੈਗ, ਰੰਗ-ਬਿਰੰਗੇ ਦੀਵੇ, ਪੇਂਟਿੰਗਾਂ, ਸਕਲਪਚਰ, ਆਨ ਦਿ ਸਪਾਟ ਫੋਟੋਗ੍ਰਾਫੀ ਮਿਊਰਲ, ਫ਼ੈਸ਼ਨ ਅਸੈਸਰੀ ਅਤੇ ਖਾਣ-ਪੀਣ ਵਾਲੇ ਸਮਾਨ ਸਮੇਤ ਹੋਰ ਵਸਤਾਂ ਦੀਆਂ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ। ਸਟਾਲਾਂ ’ਤੇ ਪ੍ਰਦਰਸ਼ਿਤ ਵਸਤਾਂ ਨੂੰ ਗਹੁ ਨਾਲ ਵਾਚਦਿਆਂ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਤੋਂ ਇਸ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ।
ਸ਼ਹਿਰ ਵਾਸੀਆਂ ਖਾਸ ਕਰ ਕਲਾ ਪ੍ਰੇਮੀਆਂ ਨੂੰ ਦੀਵਾਲੀ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੇਲੇ ਵਿੱਚ ਉਨ੍ਹਾਂ ਨੂੰ ਨੌਜਵਾਨ ਵਿਦਿਆਰਥੀਆਂ ਦੀ ਰਚਨਾਤਮਕਤਾ ਤੇ ਪ੍ਰਤਿਭਾ ਨੂੰ ਦੇਖਣ ਦਾ ਮੌਕਾ ਮਿਲੇਗਾ। ਇਸ ਮੌਕੇ ਏ.ਪੀ.ਜੇ. ਸਤਿਆ ਯੂਨੀਵਰਸਿਟੀ ਦੀ ਪ੍ਰੋ ਵਾਈਸ ਚਾਂਸਲਰ ਤੇ ਏ.ਪੀ.ਜੇ. ਐਜੂਕੇਸ਼ਨ ਅਡਵਾਈਜ਼ਰ ਡਾ. ਸੁਚਾਰਿਤਾ ਸ਼ਰਮਾ, ਪ੍ਰਿੰ. ਨਰੀਜਾ ਢੀਂਗਰਾ ਆਦਿ ਮੌਜੂਦ ਸਨ।