ਗੁਰਦਾਸਪੁਰ ਸਿਟੀ ਪੁਲਸ ਸਟੇਸ਼ਨ ਅਧੀਨ ਪੈਂਦੇ ਮਨੇਰੀ ਪਯਾਨ ਇਲਾਕੇ ਵਿਚ ਬੀਤੀ ਰਾਤ ਤੇਜ਼ ਹਨੇਰੀ ਕਾਰਨ ਇਕ ਦਰੱਖਤ ਉਖੜ ਗਿਆ ਅਤੇ ਸਵੇਰੇ ਦੋ ਪਰਿਵਾਰਾਂ ਦੇ ਮੈਂਬਰਾਂ ਨੇ ਡਿੱਗੇ ਦਰੱਖਤ ‘ਤੇ ਆਪਣੀ ਮਾਲਕੀ ਦਾ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ। ਝਗੜਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਕਾਰਨ ਇੱਕ ਧਿਰ ‘ਚ ਸ਼ਾਮਲ 4 ਭਰਾ ਮਾਰੇ ਗਏ, ਜਦਕਿ ਦੂਜੀ ਧਿਰ ਦਾ ਵੀ ਇਕ ਮੈਂਬਰ ਜ਼ਖ਼ਮੀ ਹੋ ਗਿਆ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਦਰੱਖਤ ਦੀ ਮਲਕੀਅਤ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚਾਲੇ ਤਕਰਾਰ ਹੋਈ ਸੀ, ਜੋ ਬਾਅਦ ਵਿਚ ਗੋਲੀਬਾਰੀ ਵਿਚ ਬਦਲ ਗਈ। ਗੋਲੀਬਾਰੀ ‘ਚ ਚਾਰ ਭਰਾਵਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਅਨੁਸਾਰ ਦੋ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਹੋਰਨਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ, ਸਵਾਬੀ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਵਲੀਉੱਲਾ, ਸਿਬਤੇਨ ਖਾਨ, ਅਮੀਰ ਖਾਨ ਅਤੇ ਹਮਦ ਖਾਨ ਵਜੋਂ ਹੋਈ ਹੈ।