
ਜਲੰਧਰ/ ਚਾਹਲ :
ਡੀਏਵੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਪੁਸਤਕ ਮੇਲਾ ਕਰਵਾਇਆ ਗਿਆ। ਮੇਲੇ ‘ਚ 19 ਨਾਮਵਰ ਪ੍ਰਕਾਸ਼ਕਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ 5000 ਤੋਂ ਵੱਧ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ। ਇਸ ਪੋ੍ਗਰਾਮ ਦਾ ਉਦਘਾਟਨ ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨੋਜ ਕੁਮਾਰ ਨੇ ਕੀਤਾ। ਡਾ. ਮਨੋਜ ਕੁਮਾਰ ਨੇ ਵਿਦਿਆਰਥੀਆਂ ਨੂੰ ਪੜ੍ਹਨ ਸਮੱਗਰੀ ਦੀ ਵੰਨ-ਸੁਵੰਨਤਾ ਤੱਕ ਪਹੁੰਚ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਤੇ ਡੀਏਵੀ ਯੂਨੀਵਰਸਿਟੀ ‘ਚ ਇਸ ਸੁਪਨੇ ਨੂੰ ਸਾਕਾਰ ਹੁੰਦੇ ਦੇਖ ਕੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਪੜ੍ਹਨ ਲਈ ਪਿਆਰ ਨੂੰ ਵਧਾਵਾ ਦਿੰਦਾ ਹੈ ਸਗੋਂ ਗਿਆਨ ਖੋਜੀਆਂ ਦੇ ਪਾਲਣ ਪੋਸ਼ਣ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਉਹ ਇਸ ਤਰ੍ਹਾਂ ਦੇ ਪੁਸਤਕ ਮੇਲੇ ਨੂੰ ਸਾਲਾਨਾ ਸਮਾਗਮ ਬਣਾਉਣਾ ਚਾਹੁੰਦਾ ਹੈ। ਇਸ ਸਮਾਗਮ ‘ਚ ਵੱਖ-ਵੱਖ ਰੁਚੀਆਂ ਤੇ ਅਕਾਦਮਿਕ ਵਿਸ਼ਿਆਂ ਨੂੰ ਧਿਆਨ ‘ਚ ਰੱਖਦੇ ਹੋਏ ਕਿਤਾਬਾਂ ਦੇ ਵਿਸ਼ਾਲ ਸੰਗ੍ਹਿ ਦਾ ਪ੍ਰਦਰਸ਼ਨ ਕੀਤਾ ਗਿਆ। ਵਿਲੀ, ਪੀਅਰਸਨ ਤੇ ਸੇਜ ਸਮੇਤ ਵਿਸ਼ਵ ਪੱਧਰ ‘ਤੇ ਪ੍ਰਸਿੱਧ ਪ੍ਰਕਾਸ਼ਕਾਂ ਨੇ ਇਸ ਸਾਹਿਤਕ ਸਮਾਗਮ ‘ਚ ਹਿੱਸਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ। ਇਹ ਪੁਸਤਕ ਮੇਲਾ, ਗਿਆਨ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ‘ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ਸਹਾਇਕ ਲਾਇਬੇ੍ਰਰੀਅਨ ਮਨਿੰਦਰ ਕੌਰ ਸੂਦ ਨੇ ਸਮਾਗਮ ਨੂੰ ਕਰਵਾਉਣ ‘ਚ ਮੁੱਖ ਭੂਮਿਕਾ ਨਿਭਾਈ ਤੇ ਇਹ ਯਕੀਨੀ ਬਣਾਇਆ ਕਿ ਇਹ ਇਕ ਆਮ ਪੁਸਤਕ ਮੇਲੇ ਦੀਆਂ ਸੀਮਾਵਾਂ ਨੂੰ ਪਾਰ ਕਰੇ। ਇਸ ਪਹਿਲਕਦਮੀ ਬਾਰੇ ਬੋਲਦਿਆਂ ਸੂਦ ਨੇ ਕਿਹਾ ਕਿ ਪੁਸਤਕ ਮੇਲੇ ਦਾ ਉਦੇਸ਼ ਇਕ ਅਜਿਹਾ ਪਲੇਟਫਾਰਮ ਤਿਆਰ ਕਰਨਾ ਹੈ ਜਿੱਥੇ ਸਿੱਖਿਆ ਤੇ ਪ੍ਰਕਾਸ਼ਨ ਦੀ ਦੁਨੀਆ ਇਕ ਦੂਜੇ ਨਾਲ ਤਾਲਮੇਲ ਨਾਲ ਗੱਲਬਾਤ ਕਰਨ।